ਤਾਜਾ ਖਬਰਾਂ
ਉੱਤਰੀ ਗੋਆ ਦੇ ਅਰਪੋਰਾ ਸਥਿਤ ਇੱਕ ਨਾਈਟ ਕਲੱਬ ਵਿੱਚ ਵਾਪਰੇ ਭਿਆਨਕ ਅੱਗ ਹਾਦਸੇ, ਜਿਸ ਵਿੱਚ 5 ਸੈਲਾਨੀਆਂ ਸਮੇਤ 25 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ, ਤੋਂ ਬਾਅਦ ਪੁਲਿਸ ਅਤੇ ਪ੍ਰਸ਼ਾਸਨ ਨੇ ਵੱਡੀ ਕਾਰਵਾਈ ਕੀਤੀ ਹੈ। ਜਾਂਚ ਵਿੱਚ ਗੈਰ-ਕਾਨੂੰਨੀ ਕੰਮਾਂ, ਲਾਪਰਵਾਹੀ ਅਤੇ ਨਿਯਮਾਂ ਦੀ ਢਿੱਲੀ ਪਾਲਣਾ ਦਾ ਖੁਲਾਸਾ ਹੋਣ ਤੋਂ ਬਾਅਦ, ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਕਲੱਬ ਦੇ ਜਨਰਲ ਮੈਨੇਜਰ ਅਤੇ ਤਿੰਨ ਸਟਾਫ ਮੈਂਬਰਾਂ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੰਜ ਗ੍ਰਿਫ਼ਤਾਰੀਆਂ, ਤਿੰਨ ਅਧਿਕਾਰੀ ਮੁਅੱਤਲ
ਪੁਲਿਸ ਨੇ ਕਲੱਬ ਦੇ ਮੁੱਖ ਜਨਰਲ ਮੈਨੇਜਰ ਰਾਜੀਵ ਮੋਡਕ, ਜਨਰਲ ਮੈਨੇਜਰ ਵਿਵੇਕ ਸਿੰਘ, ਬਾਰ ਮੈਨੇਜਰ ਰਾਜੀਵ ਸਿੰਘਾਨੀਆ ਅਤੇ ਗੇਟ ਮੈਨੇਜਰ ਰਿਆਂਸ਼ੂ ਠਾਕੁਰ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਇਲਾਵਾ, ਅਰਪੋਰਾ ਪੰਚਾਇਤ ਦੇ ਤਤਕਾਲੀ ਸਰਪੰਚ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਸਰਪੰਚ 'ਤੇ ਦੋਸ਼ ਹੈ ਕਿ ਉਸ ਨੇ 2023 ਵਿੱਚ ਨਾਈਟ ਕਲੱਬ ਦੇ ਅਹਾਤੇ ਲਈ ਕਥਿਤ ਤੌਰ 'ਤੇ ਗਲਤ ਤਰੀਕੇ ਨਾਲ ਵਪਾਰ ਲਾਇਸੈਂਸ ਜਾਰੀ ਕੀਤਾ ਸੀ।
ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਰਕਾਰੀ ਅਧਿਕਾਰੀਆਂ 'ਤੇ ਸਖ਼ਤ ਕਾਰਵਾਈ ਕਰਦੇ ਹੋਏ, ਗੋਆ ਸਰਕਾਰ ਨੇ ਤਤਕਾਲੀ ਸਰਪੰਚ ਸਮੇਤ ਤਿੰਨ ਸੀਨੀਅਰ ਅਧਿਕਾਰੀਆਂ ਨੂੰ, ਨਾਈਟ ਕਲੱਬ ਖੋਲ੍ਹਣ ਦੀ ਇਜਾਜ਼ਤ ਦੇਣ ਵਿੱਚ ਉਨ੍ਹਾਂ ਦੀ ਭੂਮਿਕਾ ਲਈ ਤੁਰੰਤ ਮੁਅੱਤਲ ਕਰ ਦਿੱਤਾ ਹੈ। ਕਲੱਬ ਦੇ ਮਾਲਕਾਂ, ਸੌਰਭ ਲੂਥਰਾ ਅਤੇ ਗੌਰਵ ਲੂਥਰਾ ਅਤੇ ਪ੍ਰੋਗਰਾਮ ਪ੍ਰਬੰਧਕ ਵਿਰੁੱਧ ਵੀ ਐਫਆਈਆਰ ਦਰਜ ਕੀਤੀ ਗਈ ਹੈ।
ਦਮ ਘੁੱਟਣ ਨਾਲ ਹੋਈਆਂ ਜ਼ਿਆਦਾਤਰ ਮੌਤਾਂ
ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਕਿਹਾ ਕਿ ਮੁੱਢਲੀ ਜਾਣਕਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ਨਾਈਟ ਕਲੱਬ ਨੇ ਅੱਗ ਸੁਰੱਖਿਆ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਸੀ। ਫਾਇਰ ਬ੍ਰਿਗੇਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਦਮ ਘੁੱਟਣ ਕਾਰਨ ਹੋਈਆਂ, ਕਿਉਂਕਿ ਪੀੜਤ ਜ਼ਮੀਨੀ ਮੰਜ਼ਿਲ ਅਤੇ ਰਸੋਈ ਵਿੱਚ ਫਸ ਗਏ ਸਨ।
ਫਾਇਰ ਅਤੇ ਐਮਰਜੈਂਸੀ ਸੇਵਾਵਾਂ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਤੰਗ ਗਲੀਆਂ ਕਾਰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਘਟਨਾ ਸਥਾਨ ਤੱਕ ਪਹੁੰਚਣਾ ਬਹੁਤ ਮੁਸ਼ਕਲ ਹੋ ਗਿਆ ਸੀ। ਪਾਣੀ ਦੇ ਟੈਂਕਰਾਂ ਨੂੰ ਲਗਭਗ 400 ਮੀਟਰ ਦੂਰ ਖੜ੍ਹਾ ਕਰਨਾ ਪਿਆ, ਜਿਸ ਕਾਰਨ ਅੱਗ 'ਤੇ ਕਾਬੂ ਪਾਉਣ ਵਿੱਚ ਦੇਰੀ ਹੋਈ ਅਤੇ ਇਹ ਕੰਮ ਇੱਕ ਮੁਸ਼ਕਲ ਚੁਣੌਤੀ ਬਣ ਗਿਆ।
ਪੁਲਿਸ ਇਸ ਘਟਨਾ ਦੇ ਸਾਰੇ ਪਹਿਲੂਆਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ ਅਤੇ ਜਲਦੀ ਹੀ ਆਪਣੀ ਅੰਤਿਮ ਰਿਪੋਰਟ ਜਾਰੀ ਕਰਨ ਦੀ ਉਮੀਦ ਹੈ।
Get all latest content delivered to your email a few times a month.