ਤਾਜਾ ਖਬਰਾਂ
ਚੰਡੀਗੜ੍ਹ, 7 ਦਸੰਬਰ:
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ, ਐਸ.ਏ.ਐਸ. ਨਗਰ (ਮੋਹਾਲੀ) ਨੇ ਇੱਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ ਕਿਉਂਕਿ ਇਸ ਸੰਸਥਾ ਦੇ 50 ਕੈਡਿਟ ਮੌਜੂਦਾ ਸਮੇਂ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਵਿੱਚ ਸਿਖਲਾਈ ਅਧੀਨ ਹਨ। ਦੱਸਣਯੋਗ ਹੈ ਕਿ ਇਸ ਸੰਸਥਾ ਦੇ ਪਹਿਲੀ ਵਾਰ ਐਨੀ ਵੱਡੀ ਗਿਣਤੀ ਵਿੱਚ ਕੈਡਿਟ ਐਨਡੀਏ ਵਿੱਚ ਸਿਖਲਾਈ ਲੈ ਰਹੇ ਹਨ। ਇਸ ਤੋਂ ਇਲਾਵਾ ਇਸ ਸੰਸਥਾ ਦੇ ਤਿੰਨ ਸਾਬਕਾ ਕੈਡਿਟ ਐਨਡੀਏ ਵਿਖੇ ਇੰਸਟ੍ਰਕਟਰ ਵਜੋਂ ਸੇਵਾਵਾਂ ਨਿਭਾਅ ਰਹੇ ਹਨ, ਜੋ ਹਥਿਆਰਬੰਦ ਬਲਾਂ ਲਈ ਅਗਲੀ ਪੀੜ੍ਹੀ ਤਿਆਰ ਕਰ ਰਹੇ ਹਨ।
ਐਨ.ਡੀ.ਏ. ਵਿਖੇ ਸਿਖਲਾਈ ਲੈ ਰਹੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਕੈਡਿਟਾਂ ਦੀ ਗਿਣਤੀ ਵੱਕਾਰੀ ਰਾਸ਼ਟਰੀ ਇੰਡੀਅਨ ਮਿਲਟਰੀ ਕਾਲਜ (ਆਰਆਈਐਮਸੀ) ਦੇ ਚੁਣੇ ਗਏ ਕੈਡਿਟਾਂ ਤੋਂ ਬਹੁਤ ਥੋੜ੍ਹੇ ਫ਼ਰਕ ਨਾਲ ਦੂਜੇ ਨੰਬਰ ਉੱਤੇ ਰਹੀ ਹੈ, ਜੋ ਸੰਸਥਾ ਲਈ ਇੱਕ ਸ਼ਾਨਦਾਰ ਪ੍ਰਾਪਤੀ ਹੈ।
ਪੰਜਾਬ ਦੇ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਮੰਤਰੀ ਸ੍ਰੀ ਅਮਨ ਅਰੋੜਾ ਨੇ ਇੱਕ ਵਾਰ ਫਿਰ ਤੋਂ ਸੂਬੇ ਦਾ ਮਾਣ ਵਧਾਉਣ ਲਈ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਟ੍ਰੇਨਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਇਸੇ ਜਜ਼ਬੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਰਹਿਣ ਲਈ ਪ੍ਰੇਰਿਤ ਕੀਤਾ।
ਸੰਸਥਾ ਦੇ ਸ਼ਾਨਦਾਰ ਟਰੈਕ ਰਿਕਾਰਡ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਇਸ ਵੱਕਾਰੀ ਇੰਸਟੀਚਿਊਟ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 278 ਕੈਡਿਟ ਸਰਵਿਸ ਟ੍ਰੇਨਿੰਗ ਅਕੈਡਮੀਆਂ ਲਈ ਚੁਣੇ ਗਏ ਹਨ ਅਤੇ ਹੁਣ ਤੱਕ ਸੰਸਥਾ ਦੇ 181 ਕੈਡਿਟਾਂ ਨੇ ਰੱਖਿਆ ਸੇਵਾਵਾਂ ਵਿੱਚ ਕਮਿਸ਼ਨ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਦੇ ਸੱਤ ਕੈਡਿਟ 13 ਦਸੰਬਰ, 2025 ਨੂੰ ਇੰਡੀਅਨ ਮਿਲਟਰੀ ਅਕੈਡਮੀ (ਆਈਐਮਏ) ਅਤੇ ਏਅਰ ਫੋਰਸ ਅਕੈਡਮੀ (ਏਐਫਏ) ਤੋਂ ਪਾਸ ਆਊਟ ਹੋਣਗੇ ਅਤੇ ਇਸਦੇ ਨਾਲ ਹੀ ਇਸ ਮਹੀਨੇ 15 ਕੈਡਿਟ ਐਨਡੀਏ ਅਤੇ ਹੋਰ ਸਿਖਲਾਈ ਅਕੈਡਮੀਆਂ ਵਿੱਚ ਜੁਆਇਨ ਕਰਨ ਲਈ ਤਿਆਰ ਹਨ।
ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ ਡਾਇਰੈਕਟਰ ਮੇਜਰ ਜਨਰਲ ਅਜੇ ਐਚ ਚੌਹਾਨ, ਵੀਐਸਐਮ (ਸੇਵਾਮੁਕਤ) ਨੇ ਸਾਂਝਾ ਕੀਤਾ ਕਿ ਇੰਸਟੀਚਿਊਟ ਵਿਖੇ 16ਵੇਂ ਕੋਰਸ ਲਈ ਦਾਖਲੇ ਜਾਰੀ ਹਨ। ਉਨ੍ਹਾਂ ਦੱਸਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ (ਪੰਜਾਬ ਮੂਲ ਦੇ ਲੜਕੇ), ਜੋ ਇਸ ਸੰਸਥਾ ਰਾਹੀਂ ਐਨਡੀਏ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਹਨ, 15 ਦਸੰਬਰ, 2025 ਤੱਕ https://recruitment-portal.in ਉਤੇ ਔਨਲਾਈਨ ਅਪਲਾਈ ਕਰ ਸਕਦੇ ਹਨ, ਜਿਸ ਲਈ ਦਾਖਲਾ ਪ੍ਰੀਖਿਆ 4 ਜਨਵਰੀ, 2026 (ਐਤਵਾਰ) ਨੂੰ ਹੋਵੇਗੀ।
Get all latest content delivered to your email a few times a month.