ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਕਮਰਸ਼ੀਅਲ ਵਾਹਨਾਂ 'ਤੇ ਟੈਕਸ ਅਤੇ ਪਾਸਿੰਗ ਫੀਸ ਵਿੱਚ ਕੀਤੇ ਵੱਡੇ ਵਾਧੇ ਦੇ ਵਿਰੋਧ ਵਿੱਚ ਅੱਜ ਕੀਰਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ 'ਚ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਆਪਰੇਟਰਾਂ ਨੇ ਭਗਵੰਤ ਮਾਨ ਸਰਕਾਰ ਖ਼ਿਲਾਫ਼ ਤਿੱਖਾ ਰੋਸ ਪ੍ਰਗਟਾਇਆ। ਟਰਾਂਸਪੋਰਟਰਾਂ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਅਤੇ ਪੰਜਾਬ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਤਾਜ਼ਾ ਵਾਧੇ ਨੇ ਪਹਿਲਾਂ ਹੀ ਆਰਥਿਕ ਦਬਾਅ ਵਿੱਚ ਜੂਝ ਰਹੇ ਟਰੱਕ ਆਪਰੇਟਰਾਂ ਦੀਆਂ ਮੁਸ਼ਕਲਾਂ ਹੋਰ ਵਧਾ ਦਿੱਤੀਆਂ ਹਨ।
ਟਰੱਕ ਆਪਰੇਟਰਾਂ ਨੇ ਦੋਸ਼ ਲਗਾਇਆ ਕਿ ਸਰਕਾਰ ਨੇ ਨਵੇਂ ਨਿਯਮਾਂ ਅਧੀਨ ਇਕੱਠੇ ਟੈਕਸ ਜਮ੍ਹਾਂ ਕਰਵਾਉਣ ਦੇ ਫ਼ੈਸਲੇ ਤੋਂ ਲੈ ਕੇ ਪਾਸਿੰਗ ਫੀਸ ਦੀਆਂ ਕਈ ਗੁਣਾ ਵਧੀਆਂ ਦਰਾਂ ਨਾਲ ਸਿੰਗਲ ਆਪਰੇਟਰਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪਾ ਦਿੱਤੀ ਹੈ। ਬੁਲਾਰੀਆਂ ਦਾ ਕਹਿਣਾ ਸੀ ਕਿ ਮੰਦੀ ਦੇ ਸਮੇਂ ਟੈਕਸਾਂ ਦਾ ਬੋਝ ਝੱਲਣਾ ਮੁਸ਼ਕਲ ਹੋ ਗਿਆ ਹੈ ਅਤੇ ਸਰਕਾਰ ਦੇ ਇਹ ਕਦਮ ਛੋਟੇ ਆਪਰੇਟਰਾਂ ਨੂੰ ਹਾਸੀਏ 'ਤੇ ਧੱਕ ਰਹੇ ਹਨ। ਉਹਨਾਂ ਦਾਅਵਾ ਕੀਤਾ ਕਿ ਨਵੇਂ ਨਿਯਮਾਂ ਨਾਲ ਟਰਾਂਸਪੋਰਟਰ ਭਾਈਚਾਰੇ ਵਿੱਚ ਭਾਰੀ ਰੋਸ ਹੈ।
ਰੋਸ ਪ੍ਰਗਟਾਉਣ ਵਾਲਿਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਤੁਰੰਤ ਵਧੇ ਹੋਏ ਟੈਕਸ ਅਤੇ ਪਾਸਿੰਗ ਫੀਸ ਵਾਪਸ ਨਹੀਂ ਲੈਂਦੀ ਤਾਂ ਆਉਣ ਵਾਲੇ ਦਿਨਾਂ ਵਿੱਚ ਵੱਡੇ ਪੱਧਰ 'ਤੇ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਿਹੜੀ ਪਾਸਿੰਗ ਫੀਸ ਪਹਿਲਾਂ ਨਾ ਮਾਤਰ ਹੁੰਦੀ ਸੀ, ਉਸ ਨੂੰ ਅਚਾਨਕ ਕਈ ਗੁਣਾ ਵਧਾ ਦਿੱਤਾ ਗਿਆ ਹੈ, ਜਿਸ ਨਾਲ ਮੰਦੀ ਨਾਲ ਜੂਝ ਰਹੇ ਟਰੱਕ ਮਾਲਕ ਭੁੱਖਮਰੀ ਦੇ ਕਗਾਰ 'ਤੇ ਪਹੁੰਚ ਰਹੇ ਹਨ। ਰੋਸ ਪ੍ਰਦਰਸ਼ਨ ਦੌਰਾਨ ਟਰੱਕ ਸੁਸਾਇਟੀ ਕੀਰਤਪੁਰ ਸਾਹਿਬ ਦੇ ਬਹੁਤ ਸਾਰੇ ਆਪਰੇਟਰ ਹਾਜ਼ਰ ਸਨ।
Get all latest content delivered to your email a few times a month.