ਤਾਜਾ ਖਬਰਾਂ
ਸਿੱਖ ਵਿਦਵਾਨ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਦੁਆਰਾ ਲਿਖੀ ਗਈ ਮਹੱਤਵਪੂਰਨ ਪੁਸਤਕ ‘ਜੀਵਨ ਗਾਥਾ ਸ੍ਰੀ ਗੁਰੂ ਅੰਗਦ ਦੇਵ ਜੀ’ ਦਾ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਅਰਦਾਸ ਕਰਵਾ ਕੇ ਵਿਧਿਵਤ ਰੂਪ ਵਿੱਚ ਰਿਹਲਾਹੁ ਕੀਤਾ ਗਿਆ। ਇਹ ਪੁਸਤਕ ਖ਼ਾਲਸਾ ਪ੍ਰਚਾਰਕ ਜਥਾ ਯੂਕੇ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਪੁਸਤਕ ਰਿਲੀਜ਼ ਸਮਾਗਮ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵਿਭਿੰਨ ਧਾਰਮਿਕ ਤੇ ਪ੍ਰਮੁੱਖ ਸ਼ਖ਼ਸੀਅਤਾਂ ਦੀ ਹਾਜ਼ਰੀ ’ਚ ਇਹ ਰਚਨਾ ਸੰਗਤਾਂ ਨੂੰ ਸਮਰਪਿਤ ਕੀਤੀ।
ਐਡਵੋਕੇਟ ਧਾਮੀ ਨੇ ਮੌਕੇ ’ਤੇ ਸੰਬੋਧਨ ਕਰਦਿਆਂ ਕਿਹਾ ਕਿ ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਗੁਰਬਾਣੀ ਦੇ ਮੂਲ ਸਿਧਾਂਤਾਂ, ਸਿੱਖ ਇਤਿਹਾਸ ਅਤੇ ਗੁਰਮਤਿ ਪ੍ਰਚਾਰ ਲਈ ਨਿਰੰਤਰ ਯੋਗਦਾਨ ਪਾਉਂਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਗਿਆਨੀ ਗੁਲਸ਼ਨ ਦੀਆਂ ਪਹਿਲਾਂ ਲਿਖੀਆਂ ਕਿਤਾਬਾਂ — ਦਰਪਣ ਸਿੱਖ ਰਹਿਤ ਮਰਯਾਦਾ, ਬਾਦਸ਼ਾਹ ਦਰਵੇਸ਼, ਗੁਰੂ ਨਾਨਕ ਉਦਾਸੀ ਦਰਪਣ, ਜ਼ਫ਼ਰਨਾਮਾ ਦਰਪਣ ਆਦਿ — ਸਿੱਖ ਕੌਮ ਲਈ ਕੀਮਤੀ ਧਰੋਹਰ ਹਨ। ਧਾਮੀ ਨੇ ਕਿਹਾ ਕਿ ਇਹ ਨਵੀਂ ਪੁਸਤਕ ਗੁਰੂ ਅੰਗਦ ਦੇਵ ਜੀ ਦੇ ਜੀਵਨ-ਚਰਿਤਰ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਬੜਾ ਉਦੇਸ਼ਪੂਰਨ ਉਪਰਾਲਾ ਹੈ।
ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਦੀ ਬਖ਼ਸ਼ਿਸ਼ ਅਤੇ ਸੰਗਤਾਂ ਦੀ ਹੌਸਲਾ-ਅਫਜ਼ਾਈ ਨਾਲ ਉਹ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਲਿਖਣ ਦਾ ਨਿਰੰਤਰ ਯਤਨ ਕਰ ਰਹੇ ਹਨ। ਉਨ੍ਹਾਂ SGPC ਪ੍ਰਧਾਨ ਅਤੇ ਹੋਰ ਆਏ ਹੋਏ ਮਾਨਯੋਗ ਵਿਅਕਤੀਆਂ ਦਾ ਧੰਨਵਾਦ ਵੀ ਕੀਤਾ।
ਇਸੇ ਸਮੇਂ ਖ਼ਾਲਸਾ ਪ੍ਰਚਾਰਕ ਜਥਾ ਯੂਕੇ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ 1500 ਡਾਲਰ ਦੀ ਰਕਮ ਵੀ SGPC ਪ੍ਰਧਾਨ ਨੂੰ ਸੌਂਪੀ ਗਈ। ਐਡਵੋਕੇਟ ਧਾਮੀ ਨੇ ਗਿਆਨੀ ਗੁਲਸ਼ਨ ਨੂੰ ਸਿਰੋਪਾਓ, ਲੋਈ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਿਹਰੀ ਮਾਡਲ ਭੇਟ ਕਰਕੇ ਸਨਮਾਨਿਤ ਕੀਤਾ।
ਇਸ ਸਮਾਗਮ ਵਿੱਚ SGPC ਦੇ ਅਨੇਕ ਅਧਿਕਾਰੀ ਜਿਵੇਂ—ਓਐਸਡੀ ਸਤਬੀਰ ਸਿੰਘ, ਸਕੱਤਰ ਪ੍ਰਤਾਪ ਸਿੰਘ, ਬਲਵਿੰਦਰ ਸਿੰਘ ਕਾਹਲਵਾਂ, ਹਰਭਜਨ ਸਿੰਘ ਵਕਤਾ, ਜਨਰਲ ਮੈਨੇਜਰ ਭਗਵੰਤ ਸਿੰਘ ਧੰਗੇੜਾ, ਵਰਿਆਮ ਸਿੰਘ, ਜਗਜੀਤ ਸਿੰਘ ਜੱਗੀ, ਜਸਪਾਲ ਸਿੰਘ ਢੱਡੇ, ਗੁਰਵਿੰਦਰ ਸਿੰਘ ਦੇਵੀਦਾਸਪੁਰ, ਅੰਮ੍ਰਿਤਪਾਲ ਸਿੰਘ, ਜਤਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।
Get all latest content delivered to your email a few times a month.