ਤਾਜਾ ਖਬਰਾਂ
ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦਾ ਨੌਲਥਾ ਪਿੰਡ ਇਸ ਸਮੇਂ ਸਨਸਨੀ ਦੇ ਘੇਰੇ ਵਿੱਚ ਹੈ। ਇੱਥੇ ਇੱਕ ਪਰਿਵਾਰਕ ਵਿਆਹ ਸਮਾਗਮ ਦੌਰਾਨ 6 ਸਾਲਾ ਬੱਚੀ ਵਿਧੀ ਦੀ ਪਾਣੀ ਦੇ ਟੱਬ ਵਿੱਚ ਡੁੱਬਣ ਨਾਲ ਹੋਈ ਮੌਤ ਨੂੰ ਪੁਲਿਸ ਨੇ ਇੱਕ ਭਿਆਨਕ ਕਤਲ ਕਾਂਡ ਵਿੱਚ ਬਦਲ ਦਿੱਤਾ ਹੈ। ਜਾਂਚ ਵਿੱਚ ਬੱਚੀ ਦੀ ਚਾਚੀ ਪੂਨਮ ਨੂੰ ਇੱਕ 'ਸਾਈਕੋ ਸੀਰੀਅਲ ਕਿਲਰ' ਵਜੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਸ ਨੇ ਖੁਦ ਆਪਣੇ ਪੁੱਤਰ ਸਮੇਤ ਕੁੱਲ ਚਾਰ ਮਾਸੂਮ ਬੱਚਿਆਂ ਦੀ ਹੱਤਿਆ ਕਰਨ ਦਾ ਇਕਬਾਲ ਕੀਤਾ ਹੈ।
ਪੁਲਿਸ ਵੀ ਹੈਰਾਨ, ਔਰਤ ਨੇ ਕਬੂਲੇ ਚਾਰ ਕਤਲ
ਪੁਲਿਸ ਪੁੱਛਗਿੱਛ ਦੌਰਾਨ ਐਮ.ਏ.ਬੀ.ਐੱਡ. ਪਾਸ ਪੂਨਮ ਨੇ ਜੋ ਖੁਲਾਸੇ ਕੀਤੇ, ਉਹ ਪੁਲਿਸ ਕਰਮੀਆਂ ਦੀ ਵੀ ਰੂਹ ਕੰਬਾਉਣ ਵਾਲੇ ਸਨ। ਉਸ ਨੇ ਦੱਸਿਆ ਕਿ ਉਸ ਨੂੰ ਬੱਚਿਆਂ ਨਾਲ ਸਖ਼ਤ ਨਫ਼ਰਤ ਸੀ ਅਤੇ ਉਹ ਇਹ ਬਰਦਾਸ਼ਤ ਨਹੀਂ ਕਰ ਸਕਦੀ ਸੀ ਕਿ ਕੋਈ ਹੋਰ ਉਸ ਤੋਂ ਜ਼ਿਆਦਾ ਸੁੰਦਰ ਹੋਵੇ। ਇਸੇ ਮਾਨਸਿਕਤਾ ਕਾਰਨ ਉਸ ਨੇ ਸਭ ਤੋਂ ਪਹਿਲਾਂ ਰਿਸ਼ਤੇਦਾਰਾਂ ਦੀਆਂ ਦੋ ਮਾਸੂਮ ਬੱਚੀਆਂ ਨੂੰ ਪਾਣੀ ਵਿੱਚ ਡੁਬੋ ਕੇ ਮਾਰਿਆ। ਲੋਕਾਂ ਨੂੰ ਸ਼ੱਕ ਨਾ ਹੋਵੇ, ਇਸ ਲਈ ਬਾਅਦ ਵਿੱਚ ਉਸ ਨੇ ਆਪਣੇ ਡੇਢ ਸਾਲ ਦੇ ਬੇਟੇ ਸ਼ੁਭਮ ਦੀ ਵੀ ਹੱਤਿਆ ਕਰ ਦਿੱਤੀ।
ਚਾਰ ਕਤਲਾਂ ਦਾ ਦਰਦਨਾਕ ਸਿਲਸਿਲਾ
ਪਹਿਲੀਆਂ ਦੋ ਹੱਤਿਆਵਾਂ (ਜਨਵਰੀ 2023): ਪੂਨਮ ਦੇ ਬੇਟੇ ਸ਼ੁਭਮ ਅਤੇ ਨਣਦ ਦੀ ਬੇਟੀ ਇਸ਼ਿਕਾ ਦੀਆਂ ਲਾਸ਼ਾਂ ਪਿੰਡ ਗੰਗਾਣਾ ਵਿੱਚ ਪਾਣੀ ਦੇ ਟੈਂਕ ਵਿੱਚੋਂ ਮਿਲੀਆਂ ਸਨ।
ਤੀਜੀ ਹੱਤਿਆ (19 ਅਗਸਤ): ਪੇਕੇ ਘਰ ਰਹਿੰਦਿਆਂ ਉਸ ਨੇ ਆਪਣੇ ਨਾਲ ਸੁੱਤੀ ਭਾਣਜੀ ਜੀਆ ਨੂੰ ਪਾਣੀ ਦੇ ਟੋਏ ਵਿੱਚ ਡੁਬੋ ਦਿੱਤਾ ਸੀ।
ਚੌਥੀ ਹੱਤਿਆ (1 ਦਸੰਬਰ): ਜੇਠ ਦੀ ਬੇਟੀ ਵਿਧੀ ਨੂੰ ਮਾਰਨ ਲਈ ਉਸ ਨੇ ਵਿਆਹ ਸਮਾਗਮ ਦਾ ਦਿਨ ਚੁਣਿਆ।
ਇਸਰਾਨਾ ਥਾਣੇ ਵਿੱਚ ਵਿਧੀ ਦੇ ਰਿਟਾਇਰ ਪੁਲਿਸ ਕਰਮੀ ਦਾਦਾ ਪਾਲ ਸਿੰਘ ਨੇ ਹੀ ਸਭ ਤੋਂ ਪਹਿਲਾਂ ਸ਼ੱਕ ਜ਼ਾਹਰ ਕੀਤਾ ਸੀ, ਕਿਉਂਕਿ ਵਿਧੀ ਦਾ ਸਿਰ ਪਾਣੀ ਦੇ ਟੱਬ ਵਿੱਚ ਡੁੱਬਿਆ ਸੀ ਪਰ ਪੈਰ ਜ਼ਮੀਨ 'ਤੇ ਸਨ। ਉਨ੍ਹਾਂ ਨੇ ਪੂਨਮ ਦੇ ਭਿੱਜੇ ਕੱਪੜਿਆਂ ਕਾਰਨ ਉਸ 'ਤੇ ਸ਼ੱਕ ਕੀਤਾ।
ਤੰਤਰ ਕਿਰਿਆ ਦਾ ਸ਼ੱਕ ਅਤੇ ਅਜੀਬ ਹਰਕਤਾਂ
ਪਰਿਵਾਰ ਅਤੇ ਗੁਆਂਢੀਆਂ ਅਨੁਸਾਰ, ਪੂਨਮ ਲੰਬੇ ਸਮੇਂ ਤੋਂ ਅਜੀਬ ਹਰਕਤਾਂ ਕਰ ਰਹੀ ਸੀ। ਘਰ ਵਿੱਚ ਸਿੰਦੂਰ ਖਿਲਰਿਆ ਮਿਲਦਾ ਸੀ, ਅਤੇ ਉਹ ਅਚਾਨਕ ਚੀਕਣ ਲੱਗਦੀ ਸੀ। ਉਸ 'ਤੇ ਤੰਤਰ ਕਿਰਿਆ ਕਰਵਾਏ ਜਾਣ ਦਾ ਵੀ ਸ਼ੱਕ ਹੈ। ਕਈ ਵਾਰ ਉਹ ਗੁਆਂਢ ਦੇ ਇੱਕ ਮ੍ਰਿਤਕ ਨੌਜਵਾਨ ਦੀ ਆਤਮਾ ਆਉਣ ਦਾ ਦਾਅਵਾ ਕਰਦੀ ਅਤੇ ਕਹਿੰਦੀ, "ਮੈਂ ਮਾਰੇ ਹਨ ਬੱਚੇ।"
ਪੂਨਮ ਦਾ ਪਤੀ ਨਵੀਨ ਗੋਹਾਨਾ ਵਿੱਚ ਵਾਸ਼ਿੰਗ ਸਟੇਸ਼ਨ ਚਲਾਉਂਦਾ ਹੈ। ਸੂਰਜ ਚੜ੍ਹਨ ਤੋਂ ਪਹਿਲਾਂ ਹੀ ਰਿਟਾਇਰਡ ਪੁਲਿਸ ਕਰਮੀ ਦਾਦਾ ਦੀ ਸੂਝ-ਬੂਝ ਨੇ ਇਸ ਸੀਰੀਅਲ ਕਿਲਰ ਨੂੰ ਕਾਬੂ ਕਰਵਾਇਆ, ਜਿਸ ਨਾਲ ਪਿੰਡ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ |
Get all latest content delivered to your email a few times a month.