ਤਾਜਾ ਖਬਰਾਂ
ਸ੍ਰੀ ਮੁਕਤਸਰ ਸਾਹਿਬ ਦੀ ਧੀ ਨੀਤੀ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜਜ਼ਬੇ ਅੱਗੇ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਕਰੀਬ ਚਾਲੀ ਸਾਲ ਦੀ ਉਮਰ ਵਿੱਚ ਉਸਨੇ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਲਈ ਏਸ਼ੀਆ ਕੱਪ ਦਾ ਗੋਲਡ ਮੈਡਲ ਜਿੱਤ ਕੇ ਇਤਿਹਾਸ ਰਚ ਦਿੱਤਾ। 23 ਨਵੰਬਰ ਤੋਂ 30 ਨਵੰਬਰ ਤੱਕ ਹਾਂਗਕਾਂਗ ਵਿੱਚ ਹੋਏ ਇਹ ਮੁਕਾਬਲੇ ਵੱਖ-ਵੱਖ ਦੇਸ਼ਾਂ ਦੀਆਂ ਤਾਕਤਵਰ ਟੀਮਾਂ ਦੇ ਵਿਚਕਾਰ ਹੋਏ, ਜਿਨ੍ਹਾਂ ਵਿੱਚ ਹਾਂਗਕਾਂਗ, ਸਿੰਗਾਪੁਰ, ਨਿਊਜ਼ੀਲੈਂਡ ਅਤੇ ਥਾਈਲੈਂਡ ਵੀ ਸ਼ਾਮਲ ਸਨ। ਸਾਰੇ ਮੁਕਾਬਲੇ ਜਿੱਤਦਿਆਂ ਭਾਰਤੀ ਮਹਿਲਾ ਹਾਕੀ ਟੀਮ ਫਾਈਨਲ ਵਿੱਚ ਹਾਂਗਕਾਂਗ ਨਾਲ ਭਿੜੀ ਅਤੇ ਨੀਤੀ ਦੀ ਸ਼ਾਨਦਾਰ ਪ੍ਰਦਰਸ਼ਨ ਨਾਲ ਟੀਮ ਨੇ ਸੁਨਹਿਰਾ ਤਮਗਾ ਆਪਣੇ ਨਾਮ ਕੀਤਾ।
ਨੀਤੀ ਦੱਸਦੀ ਹੈ ਕਿ ਕੌਮੀ ਜਰਸੀ ਪਾਉਣਾ ਉਸਦਾ ਬਚਪਨ ਤੋਂ ਬਣਿਆ ਸੁਪਨਾ ਸੀ। ਪੰਜਾਬ ਦੀ ਜਰਸੀ ਪਹਿਲੀ ਵਾਰ ਕੇਵਲ ਦੱਸ ਸਾਲ ਦੀ ਉਮਰ ਵਿੱਚ ਪਹਿਨਣ ਤੋਂ ਬਾਅਦ ਉਸਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਦੇਸ਼ ਦਾ ਤਿਰੰਗਾ ਪਹਿਨਣ ਲਈ ਉਸਨੂੰ ਇੰਨਾ ਲੰਮਾ ਇੰਤਜ਼ਾਰ ਕਰਨਾ ਪਵੇਗਾ। ਕਈ ਵਾਰ ਮਿਹਨਤ ਦੇ ਬਾਵਜੂਦ ਮੌਕੇ ਨਹੀਂ ਮਿਲੇ, ਕਈ ਵਾਰ ਪਰਿਸਥਿਤੀਆਂ ਰੁਕਾਵਟ ਬਣੀਆਂ, ਪਰ ਉਸਦੀ ਹਿੰਮਤ ਅਤੇ ਹੋਸਲਾ ਕਦੇ ਨਹੀਂ ਟੁੱਟਿਆ।
ਉਹ ਇਹ ਵੀ ਦੱਸਦੀ ਹੈ ਕਿ ਜਿੱਥੇ ਉਸਦੀ ਮਾਂ ਹਮੇਸ਼ਾ ਉਸਦਾ ਮਜ਼ਬੂਤ ਸਹਾਰਾ ਬਣੀ ਰਹੀ, ਓਥੇ ਪਿਤਾ ਹਾਕੀ ਖੇਡਣ ਲਈ ਰਾਜ਼ੀ ਨਹੀਂ ਸਨ। ਬਟਾਲਾ ਦੇ ਕੋਚ ਸੰਤੋਖ ਸਿੰਘ ਅਤੇ ਤਲਵਾੜੇ ਵਿੱਚ ਜੱਗੀ ਮੈਡਮ ਦੀ ਸਿਖਲਾਈ ਨੇ ਉਸਨੂੰ ਖੇਡਾਂ ਵਿੱਚ ਠੋਸ ਬੁਨਿਆਦ ਦਿੱਤੀ। ਅੰਡਰ-14 ਤੋਂ ਲੈ ਕੇ ਸੀਨੀਅਰ ਪੱਧਰ ਤੱਕ ਕਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਖੇਡਦੇ-ਖੇਡਦੇ ਉਹ ਅਖ਼ੀਰਕਾਰ ਅੰਤਰਰਾਸ਼ਟਰੀ ਸਫ਼ਰ ਤੱਕ ਪਹੁੰਚ ਗਈ।
ਫਾਈਨਲ ਤੋਂ ਬਾਅਦ ਜਦੋਂ ਨੀਤੀ ਨੇ ਆਪਣੀ ਮਾਂ ਨੂੰ ਫ਼ੋਨ ਕਰਕੇ ਦੱਸਿਆ ਕਿ ਟੀਮ ਨੇ ਗੋਲਡ ਜਿੱਤ ਲਿਆ ਹੈ ਤਾਂ ਮਾਂ ਦੀਆਂ ਅੱਖਾਂ ਖੁਸ਼ੀ ਨਾਲ ਭਰ ਆਈਆਂ। ਮਾਂ ਨੇ ਕਿਹਾ—“ਇਹ ਉਹ ਮੌਕਾ ਸੀ ਜਿਸ ਦੀ ਮੈਂ ਸਾਲਾਂ ਤੋਂ ਉਡੀਕ ਕਰ ਰਹੀ ਸੀ।”
ਮੌਜੂਦਾ ਸਮੇਂ ਨੀਤੀ ਸ੍ਰੀ ਮੁਕਤਸਰ ਸਾਹਿਬ ਦੇ ਖੇਡ ਵਿਭਾਗ ਵਿੱਚ ਕੋਚ ਵਜੋਂ ਡਿਊਟੀ ਕਰ ਰਹੀ ਹੈ। ਗੁਰੂ ਨਾਨਕ ਕਾਲਜ ਵਿੱਚ ਚੱਲਦੇ ਉਸਦੇ ਸੈਂਟਰ ਵਿੱਚ 70–80 ਵਿਦਿਆਰਥੀ ਰੋਜ਼ ਉਸ ਤੋਂ ਸਿਖਲਾਈ ਲੈਂਦੇ ਹਨ। ਸਵੇਰ 6 ਵਜੇ ਆਪਣੀ ਪ੍ਰੈਕਟਿਸ, ਫਿਰ ਨੌਕਰੀ, ਅਤੇ ਸ਼ਾਮ ਨੂੰ ਬੱਚਿਆਂ ਨੂੰ ਟ੍ਰੇਨਿੰਗ—ਇਹ ਸਾਰਾ ਰੁਟਿਨ ਉਸਦੀ ਜਜ਼ਬੇ ਅਤੇ ਸਮਰਪਣ ਦਾ ਸਬੂਤ ਹੈ।
ਉਸਦੇ ਸਿਖਲਾਏ ਬੱਚੇ ਰਾਜ ਪੱਧਰ ਤੋਂ ਲੈ ਕੇ ਰਾਸ਼ਟਰੀ ਕੈਂਪਾਂ ਤੱਕ ਪਹੁੰਚ ਚੁੱਕੇ ਹਨ। ਨੀਤੀ ਦਾ ਅਗਲਾ ਸੁਪਨਾ ਹੁਣ ਵਿਸ਼ਵ ਕੱਪ ਵਿੱਚ ਭਾਰਤ ਲਈ ਖੇਡਣ ਦਾ ਹੈ। ਉਸਦਾ ਸੁਨੇਹਾ ਇਹ ਹੈ ਕਿ ਜੇ ਮਿਹਨਤ ਅਤੇ ਵਿਸ਼ਵਾਸ ਹੋਵੇ ਤਾਂ ਕੋਈ ਵੀ ਮੰਜ਼ਿਲ ਦੂਰ ਨਹੀਂ। ਉਹ ਮਾਪਿਆਂ ਨੂੰ ਅਪੀਲ ਕਰਦੀ ਹੈ ਕਿ ਆਪਣੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ, ਕਿਉਂਕਿ ਇਸ ਨਾਲ ਬੱਚੇ ਨਾ ਗਲਤ ਰਸਤੇ ਜਾਂਦੇ ਹਨ ਤੇ ਨਾ ਨਸ਼ਿਆਂ ਦੀ ਲਪੇਟ ਵਿੱਚ ਆਉਂਦੇ ਹਨ।
ਲੜਕੀਆਂ ਨੂੰ ਹਿੰਮਤ ਦੇਂਦਿਆਂ ਨੀਤੀ ਕਹਿੰਦੀ ਹੈ—“ਜੇ ਮੈਂ ਚਾਲੀ ਸਾਲ ਦੀ ਉਮਰ ਵਿੱਚ ਦੇਸ਼ ਲਈ ਗੋਲਡ ਜਿੱਤ ਸਕਦੀ ਹਾਂ ਤਾਂ ਹਰ ਲੜਕੀ ਆਪਣੇ ਸੁਪਨੇ ਪੂਰੇ ਕਰ ਸਕਦੀ ਹੈ।”
Get all latest content delivered to your email a few times a month.