ਤਾਜਾ ਖਬਰਾਂ
ਸੋਸ਼ਲ ਮੀਡੀਆ 'ਤੇ ਆਪਣੀ ਸ਼ਾਨਦਾਰ ਜ਼ਿੰਦਗੀ ਕਰਕੇ 'ਥਾਰ ਵਾਲੀ ਕਾਂਸਟੇਬਲ' ਅਤੇ 'ਇੰਸਟਾਗ੍ਰਾਮ ਕ੍ਰਾਣੀ' ਵਜੋਂ ਮਸ਼ਹੂਰ ਰਹੀ ਬਰਖਾਸਤ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਇੱਕ ਵਾਰ ਫਿਰ ਵੱਡੇ ਕਾਨੂੰਨੀ ਅਤੇ ਸਮਾਜਿਕ ਵਿਵਾਦਾਂ ਵਿੱਚ ਘਿਰ ਗਈ ਹੈ। ਇੱਕ ਪਾਸੇ ਜਿੱਥੇ ਅਦਾਲਤ ਨੇ ਉਸਦੇ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਦੋਸ਼ ਤੈਅ ਕੀਤੇ ਹਨ, ਉੱਥੇ ਦੂਜੇ ਪਾਸੇ ਉਸਦੇ ਨਵੇਂ ਵਿਆਹ ਨੂੰ ਲੈ ਕੇ ਵੀ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਅਦਾਲਤ ਵਿੱਚ ਭ੍ਰਿਸ਼ਟਾਚਾਰ ਦੇ ਦੋਸ਼ ਤੈਅ
ਮੰਗਲਵਾਰ ਨੂੰ ਬਠਿੰਡਾ ਦੀ ਸੈਸ਼ਨ ਅਦਾਲਤ ਵਿੱਚ ਅਮਨਦੀਪ ਕੌਰ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ 'ਬੇਅਨੁਪਾਤਿਕ ਸੰਪਤੀ' (Disproportionate Assets - DA) ਮਾਮਲੇ ਵਿੱਚ ਦੋਸ਼ ਤੈਅ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸੁਰਿੰਦਰ ਪਾਲ ਕੌਰ ਨੇ ਇਸ ਕੇਸ ਦੀ ਅਗਲੀ ਸੁਣਵਾਈ ਦੀ ਤਰੀਕ 21 ਜਨਵਰੀ ਨਿਰਧਾਰਿਤ ਕੀਤੀ ਹੈ। ਇਸ ਦਿਨ ਵਿਜੀਲੈਂਸ ਬਿਊਰੋ ਵੱਲੋਂ ਅਮਨਦੀਪ ਖ਼ਿਲਾਫ਼ ਸਬੂਤ ਪੇਸ਼ ਕੀਤੇ ਜਾਣਗੇ। ਜ਼ਿਕਰਯੋਗ ਹੈ ਕਿ ਵਿਜੀਲੈਂਸ ਨੇ 14 ਨਵੰਬਰ ਨੂੰ ਇਸ ਮਾਮਲੇ ਵਿੱਚ ਦੂਜੀ ਚਾਰਜਸ਼ੀਟ ਦਾਇਰ ਕੀਤੀ ਸੀ, ਜਿਸ ਤੋਂ ਬਾਅਦ ਮੁਕੱਦਮੇਬਾਜ਼ੀ ਦਾ ਰਾਹ ਖੁੱਲ੍ਹ ਗਿਆ ਸੀ।
ਨਵੇਂ ਵਿਆਹ 'ਤੇ ਉੱਠੇ ਸਵਾਲ
ਇਸ ਦੌਰਾਨ, ਅਮਨਦੀਪ ਕੌਰ ਨਾਲ ਚਿੱਟੇ ਦੇ ਇੱਕ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਬਲਵਿੰਦਰ ਸਿੰਘ ਦੀ ਪਹਿਲੀ ਪਤਨੀ, ਗੁਰਮੀਤ ਕੌਰ, ਨੇ ਮੰਗਲਵਾਰ ਨੂੰ ਐਸਐਸਪੀ ਦਫ਼ਤਰ ਪਹੁੰਚ ਕੇ ਇੱਕ ਸਨਸਨੀਖੇਜ਼ ਸ਼ਿਕਾਇਤ ਦਰਜ ਕਰਵਾਈ। ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਜਿਸ ਬਲਵਿੰਦਰ ਸਿੰਘ ਨਾਲ ਉਸਦਾ ਅਜੇ ਅਦਾਲਤ ਵਿੱਚ ਖਰਚੇ ਦਾ ਕੇਸ ਚੱਲ ਰਿਹਾ ਹੈ, ਉਸ ਨੇ 1 ਦਸੰਬਰ 2025 ਨੂੰ ਬਠਿੰਡਾ ਦੇ ਧੋਬੀਆਣਾ ਬਸਤੀ ਸਥਿਤ ਗੁਰਦੁਆਰਾ ਲਾਲ ਸਿੰਘ ਵਿੱਚ ਅਮਨਦੀਪ ਕੌਰ ਨਾਲ ਵਿਆਹ ਕਰਵਾ ਲਿਆ ਹੈ।
ਗੁਰਮੀਤ ਕੌਰ ਨੇ ਦੋਸ਼ ਲਾਇਆ ਕਿ ਅਮਨਦੀਪ ਅਤੇ ਬਲਵਿੰਦਰ ਸਿੰਘ ਨੇ ਗਲਤ ਹਲਫ਼ੀਆ ਬਿਆਨ ਅਤੇ ਦਸਤਾਵੇਜ਼ਾਂ ਦੇ ਆਧਾਰ 'ਤੇ ਇਹ ਵਿਆਹ ਕਰਵਾਇਆ ਹੈ। ਉਨ੍ਹਾਂ ਨੇ ਦੋਵਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਏਐਸਆਈ ਰਮਨਦੀਪ ਸਿੰਘ ਨੇ ਭਰੋਸਾ ਦਿਵਾਇਆ ਕਿ ਗੁਰਮੀਤ ਕੌਰ ਦੀ ਸ਼ਿਕਾਇਤ ਦੇ ਆਧਾਰ 'ਤੇ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਅਮਨਦੀਪ ਕੌਰ ਨੂੰ ਇਸ ਸਾਲ 2 ਅਪ੍ਰੈਲ ਨੂੰ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ 3 ਅਪ੍ਰੈਲ ਨੂੰ ਉਸਨੂੰ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਸੀ। ਬਾਅਦ ਵਿੱਚ 26 ਮਈ ਨੂੰ ਵਿਜੀਲੈਂਸ ਨੇ ਉਸਦੀ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਸੀ।
Get all latest content delivered to your email a few times a month.