ਤਾਜਾ ਖਬਰਾਂ
ਚੰਡੀਗੜ੍ਹ, 2 ਦਸੰਬਰ-
ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ (ਸੀ.ਐਸ.ਆਰ) ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਹਰੇਕ ਕਾਰਪੋਰੇਟ ਇਕਾਈ ਨੂੰ ਸਮਾਜ 'ਤੇ ਆਪਣੇ ਪ੍ਰਭਾਵ ਲਈ ਪੂਰੀ ਤਰ੍ਹਾਂ ਜਵਾਬਦੇਹ ਹੋਣ ਵਾਸਤੇ ਸੀ.ਐਸ.ਆਰ. ਗਤੀਵਿਧੀਆਂ ਕਰਨੀਆਂ ਚਾਹੀਦੀਆਂ ਹਨ। ਵਿੱਤ ਮੰਤਰੀ ਨੇ ਇਹ ਟਿੱਪਣੀ ਕੈਪੀਟਲ ਸਮਾਲ ਫਾਈਨਾਂਸ ਬੈਂਕ ਤੋਂ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ਲਈ ਰਸਮੀ ਤੌਰ 'ਤੇ ਯੋਗਦਾਨ ਪ੍ਰਾਪਤ ਕਰਨ ਸਮੇਂ ਕੀਤੀ।
ਫੰਡ ਵਿੱਚ ਯੋਗਦਾਨ ਵਜੋਂ ਕੈਪੀਟਲ ਸਮਾਲ ਫਾਈਨਾਂਸ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਰਵਜੀਤ ਸਿੰਘ ਸਮਰਾ ਵੱਲੋਂ 31 ਲੱਖ ਰੁਪਏ ਦਾ ਚੈੱਕ ਵਿੱਤ ਮੰਤਰੀ ਨੂੰ ਸੌਂਪਿਆ ਗਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬੈਂਕ ਵੱਲੋਂ ਖੁੱਲ੍ਹੇ ਦਿਲ ਨਾਲ ਫੰਡ ਵਿੱਚ ਯੋਗਦਾਨ ਦੇਣ ਦੇ ਉਪਰਾਲੇ ਅਤੇ ਸਮਾਜਿਕ ਜਵਾਬਦੇਹੀ ਪ੍ਰਤੀ ਅਦਾਰੇ ਦੀ ਵਚਨਬੱਧਤਾ ਦੀ ਸ਼ਲਾਘਾ ਕੀਤੀ।
ਇਸ ਫੰਡ ਦੇ ਮਹੱਤਵਪੂਰਨ ਉਦੇਸ਼ ‘ਤੇ ਚਾਨਣਾ ਪਾਉਂਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ‘ਮੁੱਖ ਮੰਤਰੀ ਰੰਗਲਾ ਪੰਜਾਬ ਫੰਡ’ ਵਿੱਚ ਪਾਏ ਜਾਣ ਵਾਲੇ ਯੋਗਦਾਨ ਦੀ ਵਰਤੋਂ ਵਿਸ਼ੇਸ਼ ਤੌਰ 'ਤੇ ਸੂਬੇ ਭਰ ਦੇ ਉਨ੍ਹਾਂ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ, ਜਿਨ੍ਹਾਂ ਨੇ ਇਸ ਸਾਲ ਭਿਆਨਕ ਹੜ੍ਹਾਂ ਦੀ ਮਾਰ ਝੱਲੀ ਹੈ। ਉਨ੍ਹਾਂ ਕਿਹਾ ਕਿ ਕੈਪੀਟਲ ਸਮਾਲ ਫਾਈਨਾਂਸ ਬੈਂਕ ਦਾ ਇਹ ਮਹੱਤਵਪੂਰਨ ਯੋਗਦਾਨ ਇਨ੍ਹਾਂ ਪਰਿਵਾਰਾਂ ਲਈ ਚੱਲ ਰਹੇ ਰਾਹਤ ਅਤੇ ਮੁੜ ਵਸੇਬਾ ਯਤਨਾਂ ਵਿੱਚ ਸਿੱਧੇ ਤੌਰ 'ਤੇ ਮਦਦਗਾਰ ਸਾਬਤ ਹੋਵੇਗਾ।
Get all latest content delivered to your email a few times a month.