ਤਾਜਾ ਖਬਰਾਂ
ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਸੁੱਚਾ ਸਿੰਘ ਨੂੰ ਅੱਜ ਸਤਲੁਜ ਦਰਿਆ ਦੇ ਕੰਢੇ, ਗੁਰਦੁਆਰਾ ਪਤਾਲਪੁਰੀ ਸਾਹਿਬ ਦੇ ਨੇੜੇ ਸਥਿਤ ਸ਼ਮਸ਼ਾਨ ਘਾਟ ਵਿੱਚ ਸਿੱਖ ਮਰਿਆਦਾਂ ਅਨੁਸਾਰ ਅੰਤਿਮ ਸਸਕਾਰ ਦਿੱਤਾ ਗਿਆ। ਅੰਤਿਮ ਕਰਮਾਂ ਦੌਰਾਨ ਵੱਡੀ ਗਿਣਤੀ ਵਿੱਚ ਸੰਗਤਾਂ, ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਪ੍ਰਤੀਨਿਧੀ ਅਤੇ ਦਲ ਪੰਥਾਂ ਦੇ ਆਗੂ ਹਾਜ਼ਰ ਰਹੇ।
ਬਾਬਾ ਸੁੱਚਾ ਸਿੰਘ ਦਾ ਬੀਤੇ ਦਿਨ ਛੋਟੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ। ਉਹਨਾਂ ਦੀ ਮ੍ਰਿਤਕ ਦੇਹ ਨੂੰ ਅੰਮ੍ਰਿਤਸਰ ਤੋਂ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਗਿਆ, ਜਿੱਥੇ ਕਿਲ੍ਹਾ ਅਨੰਦਗੜ੍ਹ ਸਾਹਿਬ ਵਿਖੇ ਸੰਗਤਾਂ ਨੇ ਅੰਤਿਮ ਦਰਸ਼ਨ ਕੀਤੇ। ਲਗਭਗ ਦੁਪਹਿਰ ਇਕ ਵਜੇ ਮ੍ਰਿਤਕ ਦੇਹ ਨੂੰ ਸ੍ਰੀ ਆਨੰਦਪੁਰ ਸਾਹਿਬ ਤੋਂ ਕੀਰਤਪੁਰ ਸਾਹਿਬ ਲਿਜਾਇਆ ਗਿਆ।
ਰਸਤੇ ਭਰ ਵੱਡਾ ਕਾਫ਼ਲਾ ਅਤੇ ਭਾਰੀ ਸੰਗਤ ਉਹਨਾਂ ਨਾਲ-ਨਾਲ ਰਹੀ। ਕੀਰਤਪੁਰ ਸਾਹਿਬ ਪਹੁੰਚ ਕੇ ਸ਼ਮਸ਼ਾਨ ਘਾਟ ਵਿਚ ਉਹਨਾਂ ਦੀ ਦੇਹ ਨੂੰ ਪੰਜ ਤੱਤਾਂ ਵਿੱਚ ਵਿਲੀਨ ਕਰ ਦਿੱਤਾ ਗਿਆ।
ਅੰਤਿਮ ਸਸਕਾਰ ਉਪਰੰਤ, ਮੌਕੇ ‘ਤੇ ਪਹੁੰਚੇ ਧਾਰਮਿਕ ਆਗੂਆਂ, ਦਲ ਪੰਥਾਂ ਦੇ ਨੁਮਾਇੰਦਿਆਂ, ਸਥਾਨਕ ਸੰਗਤ ਅਤੇ ਕਿਲ੍ਹਾ ਅਨੰਦਗੜ੍ਹ ਸਾਹਿਬ ਟਰਸਟ ਦੇ ਮੈਂਬਰਾਂ ਦੀ ਹਾਜ਼ਰੀ ਵਿੱਚ ਸੰਤ ਬਾਬਾ ਸਤਨਾਮ ਸਿੰਘ ਦੇ ਸਿਰ 'ਤੇ ਦਸਤਾਰ ਬੰਨ੍ਹ ਕੇ ਉਨ੍ਹਾਂ ਨੂੰ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ ਦਾ ਨਵਾਂ ਮੁੱਖ ਪ੍ਰਬੰਧਕ ਘੋਸ਼ਿਤ ਕੀਤਾ ਗਿਆ।
Get all latest content delivered to your email a few times a month.