ਤਾਜਾ ਖਬਰਾਂ
ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਮੱਲਾਂ ਦੇ ਰਹਿਣ ਵਾਲੇ ਇੱਕ ਨੌਜਵਾਨ ਸਿਕੰਦਰ ਸਿੰਘ ਦਾ ਪਰਿਵਾਰ ਉਸਦੀ ਰਿਹਾਈ ਲਈ ਸਰਕਾਰ ਨੂੰ ਗੁਹਾਰ ਲਗਾ ਰਿਹਾ ਹੈ। ਘਰ ਦੀਆਂ ਤੰਗੀਆਂ-ਤੁਰਸ਼ੀਆਂ ਦੂਰ ਕਰਨ ਦੀ ਆਸ ਨਾਲ ਰੂਸ ਗਏ ਸਿਕੰਦਰ ਨੂੰ ਪਿਛਲੇ ਅਪ੍ਰੈਲ ਮਹੀਨੇ ਤੋਂ ਉੱਥੋਂ ਦੀ ਪੁਲਿਸ ਨੇ ਹਿਰਾਸਤ ਵਿੱਚ ਲੈ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਹੈ।
ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਨੇ ਕਰਜ਼ਾ ਚੁੱਕ ਕੇ ਮੋਟੀ ਰਕਮ ਖਰਚ ਕੀਤੀ ਸੀ ਤਾਂ ਜੋ ਸਿਕੰਦਰ ਵਿਦੇਸ਼ ਜਾ ਕੇ 'ਜੇ ਗਲੈਕ ਸਟੋਰ' ਨਾਮਕ ਕੰਪਨੀ ਵਿੱਚ ਮਿਹਨਤ-ਮਜ਼ਦੂਰੀ ਕਰ ਸਕੇ। ਸਿਕੰਦਰ ਹਰ ਦੂਜੇ ਦਿਨ ਘਰ ਫੋਨ ਕਰਦਾ ਸੀ, ਪਰ ਅਪ੍ਰੈਲ ਮਹੀਨੇ ਤੋਂ ਬਾਅਦ ਜਦੋਂ ਉਸ ਦਾ ਕੋਈ ਫੋਨ ਨਹੀਂ ਆਇਆ ਤਾਂ ਪਰਿਵਾਰ ਪ੍ਰੇਸ਼ਾਨ ਹੋ ਗਿਆ। ਬਾਅਦ ਵਿੱਚ ਦੋਸਤਾਂ ਰਾਹੀਂ ਪਤਾ ਲੱਗਾ ਕਿ ਸਿਕੰਦਰ ਰੂਸ ਦੀ ਪੁਲਿਸ ਹਿਰਾਸਤ ਵਿੱਚ ਹੈ।
ਲੁੱਟ ਦੀ ਸ਼ਿਕਾਇਤ ਕਰਨ ਗਿਆ, ਉਲਟਾ ਕੇਸ ਹੋ ਗਿਆ:
ਪਰਿਵਾਰ ਅਨੁਸਾਰ, ਸਿਕੰਦਰ ਸਿੰਘ ਜਦੋਂ ਕੰਮ 'ਤੇ ਜਾ ਰਿਹਾ ਸੀ ਤਾਂ ਰਸਤੇ ਵਿੱਚ ਮੁੰਡੇ-ਕੁੜੀਆਂ ਦੇ ਇੱਕ ਸਥਾਨਕ ਗਰੁੱਪ ਨੇ ਉਸ ਕੋਲੋਂ ਰਸ਼ੀਅਨ ਕਰੰਸੀ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਸਬੰਧੀ ਸ਼ਿਕਾਇਤ ਦਰਜ ਕਰਵਾਉਣ ਲਈ ਜਦੋਂ ਸਿਕੰਦਰ ਨੇੜਲੇ ਮੈਟਰੋ ਪੁਲਿਸ ਸਟੇਸ਼ਨ ਗਿਆ, ਤਾਂ ਪੁਲਿਸ ਨੇ ਉਲਟਾ ਉਸਨੂੰ ਹਿਰਾਸਤ ਵਿੱਚ ਲੈ ਲਿਆ।
ਪੁਲਿਸ ਨੇ ਸਿਕੰਦਰ ਨੂੰ ਦੱਸਿਆ ਕਿ ਉਸਦੇ ਖਿਲਾਫ਼ ਛੇੜਛਾੜ ਕਰਨ ਸਬੰਧੀ ਸ਼ਿਕਾਇਤ ਮਿਲੀ ਹੈ। ਰੂਸੀ ਭਾਸ਼ਾ ਤੋਂ ਅਣਜਾਣ ਹੋਣ ਕਰਕੇ ਸਿਕੰਦਰ ਪੁਲਿਸ ਨੂੰ ਆਪਣਾ ਪੱਖ ਚੰਗੀ ਤਰ੍ਹਾਂ ਸਮਝਾ ਨਹੀਂ ਸਕਿਆ, ਜਿਸ ਦੇ ਚੱਲਦਿਆਂ ਪੁਲਿਸ ਨੇ ਉਸਨੂੰ ਅਪ੍ਰੈਲ ਮਹੀਨੇ ਤੋਂ ਜੇਲ੍ਹ ਵਿੱਚ ਭੇਜ ਦਿੱਤਾ।
ਘਰ ਵਿੱਚ ਮੌਜੂਦ ਬਜ਼ੁਰਗ ਮਾਤਾ-ਪਿਤਾ ਨੇ ਕੇਂਦਰ ਅਤੇ ਪੰਜਾਬ ਸਰਕਾਰ ਸਮੇਤ ਸਮਾਜਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਉਨ੍ਹਾਂ ਦੇ ਪੁੱਤ ਸਿਕੰਦਰ ਨੂੰ ਜਲਦ ਤੋਂ ਜਲਦ ਰਿਹਾਅ ਕਰਵਾਉਣ ਅਤੇ ਉਸਨੂੰ ਸੁਰੱਖਿਅਤ ਭਾਰਤ ਵਾਪਸ ਲਿਆਉਣ ਵਿੱਚ ਮਦਦ ਕਰਨ।
Get all latest content delivered to your email a few times a month.