ਤਾਜਾ ਖਬਰਾਂ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਅਤੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (PTI) ਦੇ ਮੁਖੀ ਇਮਰਾਨ ਖਾਨ ਦੀ ਸਿਹਤ ਅਤੇ ਟਿਕਾਣੇ ਬਾਰੇ ਫੈਲੀਆਂ ਅਫਵਾਹਾਂ ਕਾਰਨ ਦੇਸ਼ ਵਿੱਚ ਸਿਆਸੀ ਤਣਾਅ ਸਿਖਰ 'ਤੇ ਪਹੁੰਚ ਗਿਆ ਹੈ। ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ PTI ਸਮਰਥਕ ਇਕੱਠੇ ਹੋ ਗਏ ਹਨ, ਜਿਸ ਕਾਰਨ ਸੁਰੱਖਿਆ ਬਲਾਂ ਨੇ ਪੂਰੇ ਖੇਤਰ ਵਿੱਚ ਧਾਰਾ 144 ਲਾਗੂ ਕਰ ਦਿੱਤੀ ਹੈ।
ਇਮਰਾਨ ਖਾਨ ਦੀ "ਮੌਤ" ਦੀਆਂ ਅਫਵਾਹਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ, ਦੇਸ਼ ਦੇ ਕਈ ਸ਼ਹਿਰਾਂ ਵਿੱਚ ਵਿਆਪਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਅਧਿਕਾਰੀਆਂ ਨੇ ਰਾਵਲਪਿੰਡੀ ਨੂੰ ਸੀਲ ਕਰ ਦਿੱਤਾ ਹੈ, ਜਦੋਂ ਕਿ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਵੀ ਭਾਰੀ ਪੁਲਿਸ ਤਾਇਨਾਤ ਕੀਤੀ ਗਈ ਹੈ।
ਪਰਿਵਾਰ ਨੇ ਮੰਗਿਆ 'ਜ਼ਿੰਦਾ ਹੋਣ ਦਾ ਸਬੂਤ':
ਇਮਰਾਨ ਖਾਨ ਦੇ ਪੁੱਤਰਾਂ ਨੇ ਅਧਿਕਾਰੀਆਂ ਤੋਂ ਸਿੱਧਾ "ਸਬੂਤ" ਮੰਗਿਆ ਹੈ ਕਿ ਉਨ੍ਹਾਂ ਦੇ ਪਿਤਾ ਜ਼ਿੰਦਾ ਹਨ। ਉਨ੍ਹਾਂ ਦੇ ਪੁੱਤਰ ਕਾਸਿਮ ਖਾਨ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਕਿ ਪਿਛਲੇ ਛੇ ਹਫ਼ਤਿਆਂ ਤੋਂ ਕੋਈ ਸੰਪਰਕ ਨਹੀਂ ਹੋਇਆ, ਕੋਈ ਸਬੂਤ ਨਹੀਂ ਕਿ ਪਿਤਾ ਜ਼ਿੰਦਾ ਹੈ। ਦੂਜੇ ਪਾਸੇ, ਇਮਰਾਨ ਦੀਆਂ ਭੈਣਾਂ ਨੇ ਜੇਲ੍ਹ ਸੁਪਰਡੈਂਟ ਅਤੇ ਹੋਰ ਅਧਿਕਾਰੀਆਂ ਵਿਰੁੱਧ ਅਦਾਲਤ ਵਿੱਚ ਮਾਣਹਾਨੀ ਪਟੀਸ਼ਨ ਦਾਇਰ ਕੀਤੀ ਹੈ।
ਇਮਰਾਨ ਦੀ ਭੈਣ ਨੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੂੰ "ਸਭ ਤੋਂ ਦਮਨਕਾਰੀ ਤਾਨਾਸ਼ਾਹ" ਕਰਾਰ ਦਿੰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਖਾਨ ਜਾਂ ਉਨ੍ਹਾਂ ਦੀ ਪਤਨੀ ਨੂੰ ਕੁਝ ਵੀ ਹੁੰਦਾ ਹੈ, ਤਾਂ ਮੁਨੀਰ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਣਗੇ।
ਖੈਬਰ ਪਖਤੂਨਖਵਾ 'ਚ ਰਾਸ਼ਟਰਪਤੀ ਸ਼ਾਸਨ ਦੀ ਕੋਸ਼ਿਸ਼:
ਇਸ ਸਿਆਸੀ ਸੰਕਟ ਦੇ ਦੌਰਾਨ, ਪਾਕਿਸਤਾਨੀ ਸਰਕਾਰ ਨੇ ਖੈਬਰ ਪਖਤੂਨਖਵਾ (KP) ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ (Governor Rule) ਲਗਾਉਣ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ।
ਮੁੱਖ ਮੰਤਰੀ ਦੀ ਜੇਲ੍ਹ ਦੇ ਬਾਹਰ ਹੜਤਾਲ:
PTI ਦੇ ਸਮਰਥਕ ਅਤੇ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਨੂੰ ਅੱਠਵੀਂ ਵਾਰ ਇਮਰਾਨ ਖਾਨ ਨੂੰ ਮਿਲਣ ਤੋਂ ਰੋਕ ਦਿੱਤਾ ਗਿਆ। ਜੇਲ੍ਹ ਅਧਿਕਾਰੀਆਂ ਵੱਲੋਂ ਇਜਾਜ਼ਤ ਨਾ ਮਿਲਣ ਤੋਂ ਨਾਰਾਜ਼ ਅਫਰੀਦੀ ਨੇ ਰਾਤ ਭਰ ਜੇਲ੍ਹ ਦੇ ਬਾਹਰ ਧਰਨਾ ਦਿੱਤਾ। ਅਫਰੀਦੀ ਨੇ ਐਲਾਨ ਕੀਤਾ ਕਿ ਹੁਣ ਉਹ ਇਸ ਮਾਮਲੇ ਨੂੰ ਇਸਲਾਮਾਬਾਦ ਹਾਈ ਕੋਰਟ ਵਿੱਚ ਲੈ ਕੇ ਜਾਣਗੇ, ਜਿਸ ਕਾਰਨ ਅੱਜ ਅਡਿਆਲਾ ਜੇਲ੍ਹ ਦੇ ਬਾਹਰ ਵੱਡੇ ਪ੍ਰਦਰਸ਼ਨ ਦੀ ਸੰਭਾਵਨਾ ਹੈ।
Get all latest content delivered to your email a few times a month.