ਤਾਜਾ ਖਬਰਾਂ
ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਨੂੰ ਵੱਡਾ ਹੁਲਾਰਾ ਦੇਣ ਦੇ ਮਕਸਦ ਨਾਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਆਪਣੇ 10 ਰੋਜ਼ਾ ਜਾਪਾਨ ਦੌਰੇ ਦੀ ਸ਼ੁਰੂਆਤ ਕਰ ਰਹੇ ਹਨ। ਅੱਜ ਟੋਕੀਓ ਵਿੱਚ ਉਨ੍ਹਾਂ ਦੀ ਮੀਟਿੰਗਾਂ ਦਾ ਇੱਕ ਸੰਘਣਾ ਸ਼ਡਿਊਲ ਹੈ, ਜਿਸ ਵਿੱਚ ਉਹ ਕਈ ਵੱਡੀਆਂ ਜਾਪਾਨੀ ਕੰਪਨੀਆਂ ਅਤੇ ਵਿੱਤੀ ਸੰਸਥਾਵਾਂ ਨਾਲ ਮੁਲਾਕਾਤ ਕਰਨਗੇ।
ਦੌਰੇ ਦੀ ਸ਼ੁਰੂਆਤ ਵਿੱਚ, ਮੁੱਖ ਮੰਤਰੀ ਮਾਨ ਟੋਕੀਓ ਦੇ ਗਾਂਧੀ ਪਾਰਕ ਵਿਖੇ ਮਹਾਤਮਾ ਗਾਂਧੀ ਦੀ ਮੂਰਤੀ 'ਤੇ ਸ਼ਰਧਾ ਦੇ ਫੁੱਲ ਭੇਟ ਕਰਨਗੇ।
ਮੀਟਿੰਗਾਂ ਦਾ ਅੱਜ ਦਾ ਸ਼ਡਿਊਲ:
ਮੁੱਖ ਮੰਤਰੀ ਮਾਨ ਅੱਜ ਸਭ ਤੋਂ ਪਹਿਲਾਂ ਜਾਪਾਨ ਬੈਂਕ ਫਾਰ ਇੰਟਰਨੈਸ਼ਨਲ ਕਾਰਪੋਰੇਸ਼ਨ (JBIC) ਸਮੇਤ ਜਾਪਾਨ ਦੀਆਂ ਪ੍ਰਮੁੱਖ ਨਿਵੇਸ਼ ਸੰਸਥਾਵਾਂ ਨਾਲ ਮੁਲਾਕਾਤ ਕਰਨਗੇ।
ਇਸ ਤੋਂ ਇਲਾਵਾ, ਪੰਜਾਬ ਵਿੱਚ ਉਦਯੋਗਿਕ ਨਿਵੇਸ਼ ਅਤੇ ਸਹਿਯੋਗ ਨੂੰ ਲੈ ਕੇ ਆਇਸਾਨ ਇੰਡਸਟਰੀ, ਯਾਮਾਹਾ ਮੋਟਰ ਅਤੇ ਹੌਂਡਾ ਮੋਟਰ ਦੇ ਅਧਿਕਾਰੀਆਂ ਨਾਲ ਵੀ ਇੱਕ ਤੋਂ ਬਾਅਦ ਇੱਕ ਮੀਟਿੰਗਾਂ ਤੈਅ ਹਨ। ਬੁਨਿਆਦੀ ਢਾਂਚੇ ਅਤੇ ਵਿਕਾਸ ਪ੍ਰੋਜੈਕਟਾਂ 'ਤੇ ਅਹਿਮ ਚਰਚਾ ਲਈ ਉਹ ਜੇਆਈਸੀਏ (JICA) ਸਾਊਥ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਨਾਲ ਵੀ ਮੁਲਾਕਾਤ ਕਰਨਗੇ।
ਮੁੱਖ ਮੰਤਰੀ ਭਗਵੰਤ ਮਾਨ ਇਸ ਦੌਰਾਨ ਜਾਪਾਨ ਸਰਕਾਰ ਦੇ ਸਹਿ-ਉਦਯੋਗ ਮੰਤਰੀ ਕੋਮੋਰੀ ਤਾਕੂਓ ਅਤੇ Fujitsu Ltd. ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਪੰਜਾਬ ਇਨਵੈਸਟਰ ਸੰਮੇਲਨ ਤੋਂ ਪਹਿਲਾਂ ਵਿਸ਼ਵਵਿਆਪੀ ਪਹੁੰਚ:
ਪੰਜਾਬ ਸਰਕਾਰ ਆਪਣੇ ਆਗਾਮੀ ਛੇਵੇਂ ਪ੍ਰੋਗਰੈਸਿਵ ਪੰਜਾਬ ਇਨਵੈਸਟਰ ਸੰਮੇਲਨ ਤੋਂ ਪਹਿਲਾਂ ਵਿਸ਼ਵ ਭਰ ਵਿੱਚ ਆਪਣੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ। ਇਹ ਸੰਮੇਲਨ 13-15 ਮਾਰਚ, 2026 ਨੂੰ ਆਈਐਸਬੀ ਮੋਹਾਲੀ ਵਿਖੇ ਹੋਣ ਜਾ ਰਿਹਾ ਹੈ। ਇਨਵੈਸਟ ਪੰਜਾਬ ਨੇ ਆਪਣੇ ਯੂਨੀਫਾਈਡ ਰੈਗੂਲੇਟਰੀ ਮਾਡਲ ਨੂੰ ਉਤਸ਼ਾਹਿਤ ਕੀਤਾ ਹੈ, ਜੋ ਰਾਜ ਵਿੱਚ ਕਾਰੋਬਾਰ ਨੂੰ ਆਸਾਨ ਬਣਾਉਣ ਲਈ ਕਈ ਵਿਭਾਗਾਂ ਨੂੰ ਇੱਕ ਪਲੇਟਫਾਰਮ 'ਤੇ ਲਿਆਉਂਦਾ ਹੈ।
ਪਿਛਲੇ ਦੌਰੇ ਅਤੇ ਯੋਜਨਾਵਾਂ:
ਇਸ ਤੋਂ ਪਹਿਲਾਂ, ਮੁੱਖ ਮੰਤਰੀ ਮਾਨ ਨੇ ਸਤੰਬਰ 2022 ਵਿੱਚ ਜਰਮਨੀ ਦਾ ਦੌਰਾ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਕਈ ਉਦਯੋਗਪਤੀਆਂ ਨੂੰ ਪੰਜਾਬ ਵਿੱਚ ਨਿਵੇਸ਼ ਲਈ ਸੱਦਾ ਦਿੱਤਾ ਸੀ। ਹਾਲਾਂਕਿ, ਦਸੰਬਰ 2024 ਵਿੱਚ ਉਨ੍ਹਾਂ ਦੀ ਜਰਮਨੀ ਜਾਣ ਦੀ ਯੋਜਨਾ ਨੂੰ ਕੇਂਦਰ ਸਰਕਾਰ ਵੱਲੋਂ ਇਜਾਜ਼ਤ ਨਹੀਂ ਮਿਲੀ ਸੀ। ਜਾਪਾਨ ਦਾ ਇਹ ਦੌਰਾ ਪੰਜਾਬ ਵਿੱਚ ਸਿੱਧੇ ਵਿਦੇਸ਼ੀ ਨਿਵੇਸ਼ (FDI) ਨੂੰ ਆਕਰਸ਼ਿਤ ਕਰਨ ਲਈ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ।
Get all latest content delivered to your email a few times a month.