ਤਾਜਾ ਖਬਰਾਂ
ਮੋਗਾ ਵਿੱਚ ਨੌਜਵਾਨਾਂ ਨੂੰ ਮੋਬਾਈਲ ਫੋਨਾਂ ਅਤੇ ਨਸ਼ਿਆਂ ਤੋਂ ਦੂਰ ਰੱਖਣ ਦੇ ਉਦੇਸ਼ ਨਾਲ ਕਰਵਾਏ ਗਏ ਅਨੋਖੇ 'ਵੇਹਲਾ ਕੌਣ' ਮੁਕਾਬਲੇ ਦੇ ਜੇਤੂਆਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਹ ਮੁਕਾਬਲਾ 31 ਘੰਟੇ ਤੱਕ ਚੱਲਿਆ, ਜਿਸ ਵਿੱਚ 70 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਪਰ ਅੰਤ ਵਿੱਚ ਦੋ ਨੌਜਵਾਨਾਂ ਨੂੰ ਸਾਂਝੇ ਤੌਰ 'ਤੇ ਜੇਤੂ ਐਲਾਨਿਆ ਗਿਆ।
ਭਾਗੀਦਾਰ ਐਤਵਾਰ ਸਵੇਰੇ 11 ਵਜੇ ਤੋਂ ਲਗਾਤਾਰ ਬਿਨਾਂ ਮੋਬਾਈਲ ਫੋਨਾਂ ਦੇ ਇੱਕ ਥਾਂ 'ਤੇ ਬੈਠੇ ਰਹੇ। ਮੁਕਾਬਲੇ ਦੌਰਾਨ, ਕਈ ਸਖ਼ਤ ਨਿਯਮਾਂ ਕਾਰਨ ਬਹੁਤ ਸਾਰੇ ਲੋਕ ਇੱਕ-ਇੱਕ ਕਰਕੇ ਬਾਹਰ ਹੁੰਦੇ ਗਏ।
ਸਖ਼ਤ ਨਿਯਮਾਂ ਅਧੀਨ ਚੱਲਿਆ ਮੁਕਾਬਲਾ:
ਮਿਲੀ ਜਾਣਕਾਰੀ ਅਨੁਸਾਰ, ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ 70 ਲੋਕਾਂ ਵਿੱਚੋਂ 15 ਨੂੰ ਸ਼ੁਰੂ ਵਿੱਚ ਹੀ ਅਯੋਗ ਕਰਾਰ ਦੇ ਦਿੱਤਾ ਗਿਆ ਸੀ। ਰਾਤ ਤੱਕ 31 ਉਮੀਦਵਾਰ ਬਾਕੀ ਸਨ, ਅਤੇ ਸੋਮਵਾਰ ਸਵੇਰ ਤੱਕ ਸਿਰਫ਼ 8 ਹੀ ਬਚੇ। ਸੋਮਵਾਰ ਸ਼ਾਮ ਚਾਰ ਵਜੇ ਤੋਂ ਬਾਅਦ, ਦੋ ਨੌਜਵਾਨ ਲਗਾਤਾਰ ਡਟੇ ਰਹੇ, ਜਿਸ ਨਾਲ ਮੁਕਾਬਲਾ ਹੋਰ ਦਿਲਚਸਪ ਬਣ ਗਿਆ।
ਇਸ ਮੁਕਾਬਲੇ ਲਈ ਕੋਈ ਉਮਰ ਸੀਮਾ ਨਹੀਂ ਸੀ, ਪਰ ਭਾਗੀਦਾਰਾਂ ਲਈ 11 ਸਖ਼ਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਸਨ। ਇਨ੍ਹਾਂ ਸ਼ਰਤਾਂ ਵਿੱਚ ਮੋਬਾਈਲ ਫੋਨ ਨਾ ਲਿਆਉਣਾ, ਮੁਕਾਬਲੇ ਦੌਰਾਨ ਉੱਠਣਾ, ਤੁਰਨਾ, ਸੌਣਾ ਜਾਂ ਟਾਇਲਟ ਜਾਣਾ ਮਨ੍ਹਾ ਸੀ। ਖਾਣ-ਪੀਣ ਦੀਆਂ ਵਸਤੂਆਂ ਲਿਆਉਣ ਜਾਂ ਕਿਸੇ ਵੀ ਕਿਸਮ ਦੀ ਗਤੀਵਿਧੀ ਕਰਨ ਦੀ ਇਜਾਜ਼ਤ ਨਹੀਂ ਸੀ।
ਜੇਤੂਆਂ ਨੂੰ ਇਨਾਮੀ ਰਾਸ਼ੀ:
ਜਦੋਂ ਦੋ ਨੌਜਵਾਨ ਲਵਪ੍ਰੀਤ ਅਤੇ ਸਤਵੀਰ 31 ਘੰਟੇ ਤੱਕ ਬਿਨਾਂ ਕਿਸੇ ਹਿਲਜੁਲ ਦੇ ਬੈਠੇ ਰਹੇ ਤਾਂ ਪ੍ਰਬੰਧਕਾਂ ਨੇ ਇਨਾਮੀ ਰਾਸ਼ੀ ਵਧਾਉਣ ਦਾ ਫੈਸਲਾ ਕੀਤਾ। ਲਵਪ੍ਰੀਤ ਅਤੇ ਸਤਵੀਰ ਨੂੰ ਸਾਂਝੇ ਤੌਰ 'ਤੇ ਪਹਿਲਾ ਇਨਾਮ ਦਿੱਤਾ ਗਿਆ, ਜਦੋਂ ਕਿ ਤੀਜਾ ਇਨਾਮ ਚੰਨਣ ਸਿੰਘ ਨੂੰ ਮਿਲਿਆ।
ਇਸ ਮੁਕਾਬਲੇ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਨੌਜਵਾਨ ਪੀੜ੍ਹੀ ਨੂੰ ਡਿਜੀਟਲ ਸੰਸਾਰ ਤੋਂ ਦੂਰ ਕਰਕੇ ਉਨ੍ਹਾਂ ਨੂੰ ਕਿਤਾਬਾਂ, ਪਰਿਵਾਰ ਅਤੇ ਮਾਨਸਿਕ ਸਿਹਤ ਵੱਲ ਆਕਰਸ਼ਿਤ ਕਰਨਾ ਅਤੇ ਸਮਾਜ ਨਾਲ ਦੁਬਾਰਾ ਜੋੜਨਾ ਸੀ। ਇਸ ਅਨੋਖੇ ਉਪਰਾਲੇ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।
Get all latest content delivered to your email a few times a month.