ਤਾਜਾ ਖਬਰਾਂ
ਰਾਜਧਾਨੀ ਚੰਡੀਗੜ੍ਹ ਇੱਕ ਵਾਰ ਫਿਰ ਗੈਂਗਵਾਰ ਦੀ ਲਪੇਟ ਵਿੱਚ ਆ ਗਿਆ ਹੈ। ਸੋਮਵਾਰ ਦੇਰ ਸ਼ਾਮ ਸੈਕਟਰ 26 ਦੀ ਟਿੰਬਰ ਮਾਰਕੀਟ ਵਿੱਚ ਕਾਰ ਸਵਾਰ ਇੰਦਰਪ੍ਰੀਤ ਸਿੰਘ ਉਰਫ਼ ਪੈਰੀ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ। ਇਸ ਕਤਲ ਨੇ ਜੇਲ੍ਹ ਵਿੱਚ ਬੰਦ ਲਾਰੈਂਸ ਬਿਸ਼ਨੋਈ ਅਤੇ ਕੈਨੇਡਾ ਸਥਿਤ ਗੋਲਡੀ ਬਰਾੜ ਦੇ ਗੁੱਟਾਂ ਵਿਚਕਾਰ ਚੱਲ ਰਹੀ ਲੜਾਈ ਨੂੰ ਹੋਰ ਵੀ ਤਿੱਖਾ ਕਰ ਦਿੱਤਾ ਹੈ, ਜਿਸਦੀ ਖੁੱਲ੍ਹੀ ਜੰਗ ਦਾ ਐਲਾਨ ਦੋਵੇਂ ਪਾਸੇ ਤੋਂ ਸੋਸ਼ਲ ਮੀਡੀਆ ਰਾਹੀਂ ਹੋਇਆ ਹੈ।
ਲਾਰੈਂਸ ਗੁੱਟ ਨੇ ਠੋਕਿਆ ਦਾਅਵਾ:
ਇਸ ਘਿਨਾਉਣੀ ਵਾਰਦਾਤ ਦੀ ਜ਼ਿੰਮੇਵਾਰੀ ਲੈਂਦਿਆਂ ਲਾਰੈਂਸ ਗੈਂਗ ਨਾਲ ਜੁੜੇ ਇੱਕ ਸੋਸ਼ਲ ਮੀਡੀਆ ਪੇਜ 'ਤੇ ਪੋਸਟ ਪਾਈ ਗਈ ਹੈ। ਪੋਸਟ ਵਿੱਚ ਪੈਰੀ ਨੂੰ ਗਰੁੱਪ ਦਾ 'ਗੱਦਾਰ' ਅਤੇ 'ਮੁਖਬਰ' ਕਰਾਰ ਦਿੱਤਾ ਗਿਆ। ਦੋਸ਼ ਲਗਾਇਆ ਗਿਆ ਹੈ ਕਿ ਉਹ ਗੋਲਡੀ ਬਰਾੜ ਨਾਲ ਮਿਲ ਕੇ ਕਲੱਬ ਮਾਲਕਾਂ ਤੋਂ ਫਿਰੌਤੀਆਂ ਵਸੂਲ ਰਿਹਾ ਸੀ। ਗੈਂਗ ਨੇ ਧਮਕੀ ਦਿੱਤੀ ਕਿ ਅੱਜ ਤੋਂ ਉਨ੍ਹਾਂ ਦੇ ਵਿਰੋਧੀਆਂ ਦੀ ਛੋਟੀ ਤੋਂ ਛੋਟੀ ਮਦਦ ਕਰਨ ਵਾਲਾ ਵੀ ਬਖਸ਼ਿਆ ਨਹੀਂ ਜਾਵੇਗਾ, ਭਾਵੇਂ ਉਹ ਕਿਸੇ ਵੀ ਦੇਸ਼ ਵਿੱਚ ਹੋਵੇ। (ਖ਼ਬਰ ਵਾਲੇ ਇਸ ਦਾਅਵੇ ਦੀ ਸੱਚਾਈ ਦੀ ਪੁਸ਼ਟੀ ਨਹੀਂ ਕਰਦਾ।)
ਗੋਲਡੀ ਬਰਾੜ ਦਾ ਜਵਾਬੀ ਹਮਲਾ:
ਦੂਜੇ ਪਾਸੇ, ਗੋਲਡੀ ਬਰਾੜ ਨੇ ਇੱਕ ਆਡੀਓ ਸੰਦੇਸ਼ ਜਾਰੀ ਕਰਕੇ ਪਲਟਵਾਰ ਕੀਤਾ ਹੈ। ਬਰਾੜ ਨੇ ਲਾਰੈਂਸ 'ਤੇ ਦੋਸਤੀ ਦੇ ਬਹਾਨੇ ਪੈਰੀ ਵਰਗੇ 'ਨਿਰਦੋਸ਼' ਨੂੰ ਮਾਰਨ ਦਾ ਇਲਜ਼ਾਮ ਲਾਇਆ ਹੈ। ਉਸਨੇ ਲਾਰੈਂਸ ਨੂੰ 'ਗੱਦਾਰ' ਦੱਸਿਆ ਅਤੇ ਦਾਅਵਾ ਕੀਤਾ ਕਿ ਪੈਰੀ ਨੇ ਉਸਦਾ ਕੋਈ ਨੁਕਸਾਨ ਨਹੀਂ ਕੀਤਾ ਸੀ। ਗੋਲਡੀ ਦੇ ਜਵਾਬ ਨਾਲ ਸਪੱਸ਼ਟ ਹੈ ਕਿ ਇਹ ਲੜਾਈ ਹੁਣ ਇੱਕ-ਦੂਜੇ ਦੇ ਨੇੜਲਿਆਂ ਨੂੰ ਨਿਸ਼ਾਨਾ ਬਣਾਉਣ ਵੱਲ ਵਧ ਗਈ ਹੈ।
ਪੁਲਿਸ ਦੀ ਘੇਰਾਬੰਦੀ, ਸਰਹੱਦਾਂ ਸੀਲ:
ਕਤਲ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਹਰਕਤ ਵਿੱਚ ਆ ਗਿਆ। ਪੰਚਕੂਲਾ ਸੀ.ਆਈ.ਏ. ਨੇ ਉਹ ਕਾਰ ਬਰਾਮਦ ਕਰ ਲਈ ਹੈ ਜੋ ਹਮਲਾਵਰਾਂ ਨੇ ਵਰਤੀ ਸੀ। ਸੁਰੱਖਿਆ ਏਜੰਸੀਆਂ ਨੇ ਮੋਹਾਲੀ ਅਤੇ ਪੰਚਕੂਲਾ ਸਮੇਤ ਤਿੰਨੋਂ ਸ਼ਹਿਰਾਂ ਦੀਆਂ ਸਰਹੱਦਾਂ ਨੂੰ ਸੀਲ ਕਰ ਦਿੱਤਾ ਹੈ ਅਤੇ ਸ਼ਹਿਰ ਭਰ ਵਿੱਚ ਸਖ਼ਤ ਨਾਕਾਬੰਦੀ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਵਿੱਚ ਦੋ ਕਾਰਾਂ ਵਿੱਚ ਹਮਲਾਵਰਾਂ ਦੀ ਹਰਕਤ ਦਿਸ ਰਹੀ ਹੈ।
ਪੁਲਿਸ ਨੇ ਪੈਰੀ ਦੇ ਬੰਬੀਹਾ ਗੈਂਗ ਨਾਲ ਸੰਭਾਵਿਤ ਸੰਬੰਧਾਂ ਦੀ ਵੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧ ਵਿੱਚ ਅਧਿਕਾਰਤ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਕੀਤੀ ਜਾਵੇਗੀ। ਇਸ ਦੌਰਾਨ, ਪੈਰੀ ਦੀਆਂ ਲਾਰੈਂਸ ਅਤੇ ਗੋਲਡੀ ਨਾਲ ਪੁਰਾਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ, ਜੋ ਦਰਸਾਉਂਦੀਆਂ ਹਨ ਕਿ ਅੰਡਰਵਰਲਡ ਵਿੱਚ ਦੋਸਤੀ ਕਦੋਂ ਦੁਸ਼ਮਣੀ ਵਿੱਚ ਬਦਲ ਜਾਵੇ, ਇਸਦਾ ਕੋਈ ਭਰੋਸਾ ਨਹੀਂ।
Get all latest content delivered to your email a few times a month.