ਤਾਜਾ ਖਬਰਾਂ
ਅਰੁਣਾਚਲ ਪ੍ਰਦੇਸ਼ ਦੇ ਨਾਹਰਲਾਗੁਨ ਖੇਤਰ ਵਿੱਚ ਇੱਕ ਚੌਕਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਲਗਭਗ 6 ਤੋਂ 7 ਸਾਲ ਦੀ ਉਮਰ ਵਾਲੀਆਂ ਚਾਰ ਸਕੂਲੀ ਬੱਚੀਆਂ ਨਾਲ ਉਨ੍ਹਾਂ ਦੇ ਟਿਊਸ਼ਨ ਸੈਸ਼ਨ ਦੌਰਾਨ ਜਿਨਸੀ ਦੁਰਵਿਵਹਾਰ ਕਰਨ ਦੇ ਗੰਭੀਰ ਦੋਸ਼ ਲੱਗੇ ਹਨ। ਇਸ ਮਾਮਲੇ ਦੇ ਤਹਿਤ ਪ੍ਰਾਈਵੇਟ ਟਿਊਸ਼ਨ ਦੇਣ ਵਾਲੇ ਅਧਿਆਪਕ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਅਨੁਸਾਰ, ਐਤਵਾਰ ਰਾਤ ਕਰੀਬ 9:15 ਵਜੇ ਨਾਹਰਲਾਗੁਨ ਪੁਲਿਸ ਸਟੇਸ਼ਨ ਨੂੰ ਇੱਕ ਮੌਖਿਕ ਸ਼ਿਕਾਇਤ ਪ੍ਰਾਪਤ ਹੋਈ, ਜਿਸ ਵਿੱਚ ਦੱਸਿਆ ਗਿਆ ਕਿ ਪਹਿਲੀ ਜਮਾਤ ਵਿੱਚ ਪੜ੍ਹ ਰਹੀਆਂ ਚਾਰ ਕੁੜੀਆਂ ਨਾਲ ਟਿਊਸ਼ਨ ਦੌਰਾਨ ਛੇੜਛਾੜ ਤੇ ਜਿਨਸੀ ਸ਼ੋਸ਼ਣ ਕੀਤਾ ਗਿਆ।
ਪੁਲਿਸ ਨੇ ਦੱਸਿਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ 35 ਸਾਲਾ ਮਿਲੋ ਟਾਕਰ ਵਜੋਂ ਹੋਈ ਹੈ, ਜੋ ਕਿ ਲੋਅਰ ਸੁਬਨਸਿਰੀ ਜ਼ਿਲ੍ਹੇ ਨਾਲ ਸੰਬੰਧਤ ਹੈ। ਇਹ ਵੀ ਸਾਹਮਣੇ ਆਇਆ ਹੈ ਕਿ ਦੁਰਵਿਵਹਾਰ ਉਸਦੇ ਨਾਹਰਲਾਗੁਨ ਸਥਿਤ ਕਿਰਾਏ ਦੇ ਘਰ ਵਿੱਚ ਕਥਿਤ ਤੌਰ 'ਤੇ ਵਾਪਰਿਆ।
ਸ਼ਿਕਾਇਤ ਮਿਲਣ ਤੋਂ ਬਾਅਦ, ਸਬ-ਇੰਸਪੈਕਟਰ ਐਸ. ਡਿਰਚੀ ਦੀ ਅਗਵਾਈ ਵਿੱਚ ਪੁਲਿਸ ਟੀਮ—ਜਿਸ ਵਿੱਚ ਹੈੱਡ ਕਾਂਸਟੇਬਲ ਐਸ. ਬਗਾਂਗ ਅਤੇ ਟੀ.ਕੇ. ਖੋਚੀ ਵੀ ਸ਼ਾਮਲ ਸਨ—ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ। ਬਾਅਦ ਵਿੱਚ ਮੁਲਜ਼ਮ ਨੂੰ ਅਗਲੇ ਕਾਨੂੰਨੀ ਪ੍ਰਕਿਰਿਆ ਲਈ ਈਟਾਨਗਰ ਮਹਿਲਾ ਪੁਲਿਸ ਸਟੇਸ਼ਨ ਦੇ ਹਵਾਲੇ ਕਰ ਦਿੱਤਾ ਗਿਆ।
ਪੁਲਿਸ ਮੁਤਾਬਕ ਮਾਮਲੇ ਵਿੱਚ ਪੋਕਸੋ ਐਕਟ ਅਤੇ ਭਾਰਤੀ ਦੰਡ ਸੰਹਿਤਾ ਦੀਆਂ ਲਾਗੂ ਸੰਬੰਧਿਤ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
Get all latest content delivered to your email a few times a month.