ਤਾਜਾ ਖਬਰਾਂ
ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਮਤੀ ਦਾਸ, ਸਤੀ ਦਾਸ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਹੋ ਰਹੇ ਸਮਾਗਮਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਹਿਲੇ ਹੀ ਦਿਨ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰੀ ਭਰ ਰਹੀਆਂ ਹਨ। ਜਥੇਦਾਰ ਗੜਗੱਜ ਨੇ ਦੱਸਿਆ ਕਿ ਇਹ ਸ਼ਤਾਬਦੀ ਸਮਾਗਮਾਂ ਦੇ ਮੁੱਖ ਪ੍ਰੋਗਰਾਮ 28 ਅਤੇ 29 ਤਰੀਕ ਨੂੰ ਹੋਣੇ ਹਨ, ਜਿਨ੍ਹਾਂ ਵਿੱਚ ਸੰਗਤਾਂ ਦਾ ਹੋਰ ਵੱਧ ਜ਼ੋਰਦਾਰ ਇਕੱਠ ਹੋਣ ਦੀ ਉਮੀਦ ਹੈ।
ਉਨ੍ਹਾਂ ਸਰਕਾਰ ਵੱਲੋਂ ਵੱਖਰੇ ਤੌਰ 'ਤੇ ਸਮਾਗਮ ਕਰਾਏ ਜਾਣ ਬਾਰੇ ਪੁੱਛੇ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਧਾਰਮਿਕ ਕਾਰਜ ਕਰਵਾਉਣਾ ਸਰਕਾਰਾਂ ਦਾ ਕੰਮ ਨਹੀਂ, ਪਰ ਜੇਕਰ ਉਹ ਕਰ ਰਹੀ ਹੈ ਤਾਂ ਇਸ ’ਤੇ ਕੋਈ ਨਾਰਾਜ਼ਗੀ ਨਹੀਂ। ਫਿਰ ਵੀ ਜਥੇਦਾਰ ਗੜਗੱਜ ਨੇ ਮੰਗ ਕੀਤੀ ਕਿ ਵਿਧਾਨ ਸਭਾ ਦੇ ਕੱਲ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਸਰਕਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਧਾਰਮਿਕ ਸ਼ਹਿਰ ਘੋਸ਼ਿਤ ਕਰਨ ਤੇ ਚਰਚਾ ਕਰਦਿਆਂ ਵਿਸ਼ੇਸ਼ ਐਲਾਨ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਵਿੱਚ ਉੱਚ ਸਿੱਖਿਆ ਲਈ ਕੋਈ ਵੱਡਾ ਸਰਕਾਰੀ ਅਦਾਰਾ ਸਥਾਪਤ ਕਰਨ ਦੀ ਮੰਗ ਵੀ ਉਨ੍ਹਾਂ ਨੇ ਰੱਖੀ।
ਜਥੇਦਾਰ ਗੜਗੱਜ ਨੇ ਬੰਦੀ ਸਿੰਘਾਂ ਦੀ ਲੰਮੇ ਸਮੇਂ ਤੋਂ ਅਟਕੀ ਪਈ ਰਿਹਾਈ ਦੇ ਮੁੱਦੇ ’ਤੇ ਵੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਜੋ ਸਿੱਖ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ, ਉਹ ਅਜੇ ਵੀ ਜੇਲਾਂ ਵਿੱਚ ਬੰਦ ਹਨ, ਜੋ ਕਿ ਮਨੁੱਖੀ ਹੱਕਾਂ ਦੇ ਮੂਲ ਸਿਧਾਂਤਾਂ ਦੇ ਖ਼ਿਲਾਫ਼ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਕੱਲ ਦੇ ਵਿਸ਼ੇਸ਼ ਅਸੈਂਬਲੀ ਸੈਸ਼ਨ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਮਤਾ ਪਾਸ ਕਰਕੇ ਸਿੱਖ ਕੌਮ ਦੀ ਲੰਬੇ ਸਮੇਂ ਤੋਂ ਲਟਕਦੀ ਮੰਗ ਨੂੰ ਪੂਰਾ ਕੀਤਾ ਜਾਵੇ।
ਦੂਜੇ ਪਾਸੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਵੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਦੇ ਵੱਡੇ ਪ੍ਰਵਾਹ ’ਤੇ ਖੁਸ਼ੀ ਪ੍ਰਗਟਾਈ। ਬੰਦੀ ਸਿੰਘਾਂ ਦੀ ਰਿਹਾਈ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਅਸੈਂਬਲੀ ਸੈਸ਼ਨ ਬੁਲਾਇਆ ਗਿਆ ਹੈ, ਤਾਂ ਇਸ ਦਾ ਸਭ ਤੋਂ ਵੱਡਾ ਲਾਭ ਇਹ ਹੋ ਸਕਦਾ ਹੈ ਕਿ ਰਿਹਾਈ ਲਈ ਮਤਾ ਪਾਸ ਕੀਤਾ ਜਾਵੇ। ਉਨ੍ਹਾਂ ਦਿੱਲੀ ਵਿੱਚ ਰਹੀ ਕੇਜਰੀਵਾਲ ਸਰਕਾਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਲਈ ਕੋਈ ਪ੍ਰਭਾਵਸ਼ਾਲੀ ਕਦਮ ਨਹੀਂ ਚੁੱਕਿਆ ਗਿਆ ਅਤੇ ਹੁਣ ਪੰਜਾਬ ਸਰਕਾਰ ਨੂੰ ਇਹ ਜ਼ਿੰਮੇਵਾਰੀ ਨਿਭਾਉਂਦੇ ਹੋਏ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ।
Get all latest content delivered to your email a few times a month.