ਤਾਜਾ ਖਬਰਾਂ
ਅੰਮ੍ਰਿਤਸਰ ਦੇ ਥਾਣਾ ਛੇਹਰਟਾ ਇਲਾਕੇ ਵਿੱਚ 18 ਨਵੰਬਰ ਦੀ ਸਵੇਰ ਹੋਏ ਵਰਿੰਦਰ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਤਫ਼ਤੀਸ਼ ਦੌਰਾਨ ਪੁਲਿਸ ਨੇ ਦੋ ਸ਼ੂਟਰਾਂ-ਜੋਬਨਪ੍ਰੀਤ ਉਰਫ਼ ਜੋਬਨ ਅਤੇ ਸੁਖਬੀਰ ਸਿੰਘ ਉਰਫ਼ ਸੁੱਖ (ਦੋਵੇਂ ਨਿਵਾਸੀ ਮਾਹਲ ਕਲਾਨੌਰ, ਉਮਰ ਲਗਭਗ 22 ਸਾਲ)-ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਬੇਰੋਜ਼ਗਾਰ ਨੌਜਵਾਨ ਸਨ, ਜਿਨ੍ਹਾਂ ਨੂੰ ਲਾਲਚ ਦੇ ਕੇ ਕਤਲ ਲਈ ਤਿਆਰ ਕੀਤਾ ਗਿਆ।
ਪੁਲਿਸ ਦੀ ਜਾਂਚ ਅਨੁਸਾਰ, ਇਸ ਕਤਲ ਦੀ ਮੁੱਖ ਸਾਜ਼ਿਸ਼ ਨਿਸ਼ਾਨ ਸਿੰਘ ਨੇ ਰਚੀ, ਜੋ ਇਸ ਵੇਲੇ ਵਿਦੇਸ਼ ਵਿੱਚ ਬੈਠਾ ਹੋਇਆ ਹੈ। ਉਸਦਾ ਆਪਣੀ ਪਤਨੀ ਅਰਸ਼ਪ੍ਰੀਤ ਕੌਰ ਨਾਲ ਕਾਫ਼ੀ ਸਮੇਂ ਤੋਂ ਘਰੇਲੂ ਤਣਾਅ ਅਤੇ ਬੱਚੇ ਦੀ ਕਸਟਡੀ ਨੂੰ ਲੈ ਕੇ ਤਿੱਖਾ ਵਿਵਾਦ ਚੱਲ ਰਿਹਾ ਸੀ। ਅਰਸ਼ਪ੍ਰੀਤ ਕੌਰ, ਕਤਲ ਹੋਏ ਵਰਿੰਦਰ ਸਿੰਘ ਦੀ ਭਾਂਜੀ ਹੈ ਅਤੇ ਵਰਿੰਦਰ ਉਸਦਾ ਕਾਨੂੰਨੀ ਸਹਿਯੋਗ ਕਰ ਰਿਹਾ ਸੀ, ਜਿਸ ਕਾਰਨ ਨਿਸ਼ਾਨ ਸਿੰਘ ਉਸ ਤੋਂ ਰੰਜਸ਼ ਰੱਖਦਾ ਸੀ।
ਇਸ ਰੰਜਸ਼ ਨੂੰ ਦੂਰ ਕਰਨ ਲਈ ਨਿਸ਼ਾਨ ਸਿੰਘ ਨੇ ਦੋ ਨੌਜਵਾਨ ਸ਼ੂਟਰਾਂ ਨੂੰ ‘ਦੁਬਈ ਸੈਟਲ’ ਕਰਵਾਉਣ ਦਾ ਲਾਲਚ ਦੇ ਕੇ ਕਤਲ ਦੀ ਸਾਜ਼ਿਸ਼ ਰਚੀ। ਸ਼ੂਟਰਾਂ ਨੂੰ ਹਥਿਆਰ ਵੀ ਮੁਹੱਈਆ ਕਰਵਾਏ ਗਏ ਸਨ। ਕਤਲ ਬਹੁਤ ਨੇੜੇ ਤੋਂ ਕੀਤਾ ਗਿਆ, ਜਿਸ ਨਾਲ ਵਰਿੰਦਰ ਸਿੰਘ ਹਸਪਤਾਲ ਪਹੁੰਚਦੇ ਹੀ ਦਮ ਤੋੜ ਗਿਆ।
ਮੁੱਖ ਦੋਸ਼ੀ ਦੀ ਗਿਰਫ਼ਤਾਰੀ ਤੋਂ ਪਹਿਲਾਂ ਪੁਲਿਸ ਨੇ ਉਸਦੇ ਭੈਣ-ਭੈਣੋਈ-ਗੁਰਲਾਲ ਅਤੇ ਪਰਮਜੀਤ ਕੌਰ (ਨਿਵਾਸੀ ਤਰਨਤਾਰਨ)-ਨੂੰ ਵੀ ਕਾਬੂ ਕੀਤਾ ਕਿਉਂਕਿ ਉਹ ਉਸਦੀ ਪੱਖਦਾਰੀ ਕਰ ਰਹੇ ਸਨ ਅਤੇ ਬੱਚੇ ਦੀ ਕਸਟਡੀ ਸਬੰਧੀ ਦਬਾਅ ਬਣਾਉਣ ਵਿੱਚ ਸ਼ਾਮਲ ਸਨ।
Get all latest content delivered to your email a few times a month.