ਤਾਜਾ ਖਬਰਾਂ
ਚੰਡੀਗੜ੍ਹ, 20 ਨਵੰਬਰ:
ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਉਨ੍ਹਾਂ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ੇਸ਼ ਸਮਾਗਮ ਮੁੱਖ ਸੂਚਨਾ ਕਮਿਸ਼ਨਰ ਪੰਜਾਬ ਇੰਦਰਪਾਲ ਸਿੰਘ ਧੰਨਾ ਦੀ ਅਗਵਾਈ ਹੇਠ ਚੰਡੀਗੜ੍ਹ ਵਿਖੇ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਵੱਲੋਂ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਅਧਿਆਤਮਿਕ ਜੀਵਨ ਕਾਲ ਨੂੰ ਦਰਸਾਉਂਦਾ ਇੱਕ ਮਹੱਤਵਪੂਰਨ ਚਿੱਤਰਕਾਰੀ ਬਰੋਸ਼ਰ (ਕਿਤਾਬਚਾ) ਵੀ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਹਰਪ੍ਰੀਤ ਸੰਧੂ, ਡਾ. ਭੁਪਿੰਦਰ ਸਿੰਘ ਬਾਠ ਅਤੇ ਰਾਜ ਸੂਚਨਾ ਕਮਿਸ਼ਨਰ ਸੰਦੀਪ ਐਸ. ਧਾਲੀਵਾਲ ਵੀ ਮੌਜੂਦ ਸਨ।
ਇਸ ਮੌਕੇ ਕਮਿਸ਼ਨ ਦੇ ਅਧਿਕਾਰੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਜੀਵਨ ਕਾਲ ਨੂੰ ਦਰਸਾਉਂਦੀ ਵਿਸ਼ੇਸ਼ ਦਸਤਾਵੇਜ਼ੀ ਫ਼ਿਲਮ ਵੀ ਦਿਖਾਈ ਗਈ। ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦਸਤਾਵੇਜ਼ੀ ਫਿਲਮ ਨੂੰ ਤਿਆਰ ਕਰਨ ਲਈ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ ਹੈ।
ਇਸਦੇ ਨਾਲ ਹੀ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚਿੱਤਰਕਾਰੀ ਕਿਤਾਬਚਾ ਅਤੇ ਪਾਵਨ ਕਿਤਾਬ ਵੀ ਕਮਿਸ਼ਨ ਦੇ ਅਧਿਕਾਰੀਆਂ ਨੂੰ ਭੇਟ ਕੀਤੀ ਗਈ ਤਾਂ ਜੋ ਨੌਵੇਂ ਸਿੱਖ ਗੁਰੂ ਦੇ ਆਪਸੀ ਭਾਈਚਾਰੇ ਅਤੇ ਸ਼ਾਂਤੀ ਦੇ ਸੰਦੇਸ਼ ਦਾ ਵੱਧ ਤੋਂ ਵੱਧ ਪ੍ਰਸਾਰ ਕੀਤਾ ਜਾ ਸਕੇ।
ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਧੰਨਾ ਨੇ ਇਸ ਸਮਾਗਮ ਦੌਰਾਨ ਕਿਹਾ ਕਿ ਚਿੱਤਰਕਾਰੀ ਕਿਤਾਬਚੇ ਅਤੇ ਇਸ ਕਿਤਾਬ ਦਾ ਪ੍ਰਕਾਸ਼ਨ ਨੌਵੇਂ ਸਿੱਖ ਗੁਰੂ ਦੀ ਲਾਸਾਨੀ ਸ਼ਹਾਦਤ ਅਤੇ ਉਨ੍ਹਾਂ ਦੇ ਆਪਸੀ ਭਾਈਚਾਰੇ, ਧਾਰਮਿਕ ਆਜ਼ਾਦੀ ਅਤੇ ਸ਼ਾਂਤੀ ਦੇ ਸਦੀਵੀ ਸੰਦੇਸ਼ ਦੇ ਸਨਮਾਨ ਵਿੱਚ ਇੱਕ ਨਿਮਾਣਾ ਯਤਨ ਹੈ। ਉਨ੍ਹਾਂ ਅੱਗੇ ਕਿਹਾ ਕਿ ਹਰਪ੍ਰੀਤ ਸੰਧੂ ਦੁਆਰਾ ਲਿਖੀ ਗਈ ਇਹ ਕਿਤਾਬ ਰਾਜ ਸੂਚਨਾ ਕਮਿਸ਼ਨਰ, ਪੰਜਾਬ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਗੁਰਦੁਆਰਿਆਂ ਦੇ ਦ੍ਰਿਸ਼ਾਂ ਨੂੰ ਦਰਸਾਉਂਦੀ ਹੈ। ਦੱਸਣਯੋਗ ਹੈ ਕਿ ਉਕਤ ਕਿਤਾਬ ਨੂੰ ਪੰਜਾਬ ਦੇ ਮਾਣਯੋਗ ਰਾਜਪਾਲ ਦੁਆਰਾ ਪਹਿਲਾਂ ਹੀ ਰਾਜ ਭਵਨ ਚੰਡੀਗੜ੍ਹ ਵਿੱਚ ਪੰਜਾਬ ਰਾਜ ਲਈ ਜਾਰੀ ਕੀਤਾ ਜਾ ਚੁੱਕਾ ਹੈ।]
ਇਸ ਕਿਤਾਬ ਦੇ ਲੇਖਕ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸੰਧੂ ਨੇ ਕਿਹਾ ਕਿ ਇਹ ਕਿਤਾਬ "ਹਿੰਦ ਦੀ ਚਾਦਰ" ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਵੱਲੋਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਕਦਰਾਂ ਕੀਮਤਾਂ ਦੀ ਰਾਖੀ ਲਈ ਦਿੱਤੇ ਸਰਬਉੱਚ ਬਲੀਦਾਨ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।
Get all latest content delivered to your email a few times a month.