ਤਾਜਾ ਖਬਰਾਂ
ਮਲੇਰਕੋਟਲਾ ਦੇ ਇਕ ਪੇਂਡੂ ਇਲਾਕੇ ਤੋਂ ਮਨੁੱਖਤਾ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ 40 ਸਾਲਾ ਗੁਆਂਢੀ ਨੇ ਸਾਢੇ ਚਾਰ ਸਾਲ ਦੀ ਮਾਸੂਮ ਬੱਚੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ਕੀਤੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਆਰੋਪੀ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।
ਘਟਨਾ ਉਸ ਵੇਲੇ ਵਾਪਰੀ ਜਦੋਂ ਬੱਚੀ ਘਰ ਦੇ ਨੇੜੇ ਖੇਡ ਰਹੀ ਸੀ। ਗੁਆਂਢ ਵਿੱਚ ਰਹਿਣ ਵਾਲਾ ਇੱਕ ਕਵਾਰਾ 40 ਸਾਲਾ ਵਿਅਕਤੀ ਬੱਚੀ ਨੂੰ ਬਹਾਨੇ ਨਾਲ ਆਪਣੇ ਘਰ ਅੰਦਰ ਲੈ ਗਿਆ। ਇਸ ਦੌਰਾਨ ਘਰ ਦੀ CCTV ਕੈਮਰੇ ਦੀ ਫੁਟੇਜ ਵਿੱਚ ਉਹ ਬੱਚੀ ਨੂੰ ਅੰਦਰ ਲੈ ਜਾਂਦਾ ਸਾਫ਼ ਦਿਖਾਈ ਦਿੱਤਾ। ਅੰਦਰ ਉਸ ਨੇ ਬੱਚੀ ਨਾਲ ਗੰਦੇ ਇਰਾਦੇ ਨਾਲ ਘਿਨੌਣੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ।
ਜਦੋਂ ਬੱਚੀ ਘਰ ਵਾਪਸ ਆਈ ਤਾਂ ਉਸ ਨੇ ਰੋਦਿਆਂ ਹੋਏ ਪੂਰੀ ਘਟਨਾ ਆਪਣੀ ਮਾਂ ਨੂੰ ਦੱਸੀ। ਮਾਂ ਤੁਰੰਤ ਬੱਚੀ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਬੱਚੀ ਦਾ ਮੈਡੀਕਲ ਕੀਤਾ ਅਤੇ ਪੁਲਿਸ ਨੂੰ ਸੂਚਿਤ ਕੀਤਾ। ਮਾਂ ਦੇ ਬਿਆਨਾਂ ਦੇ ਆਧਾਰ ’ਤੇ ਸਦਰ ਥਾਣਾ ਅਹਿਮਦਗੜ੍ਹ ਵਿੱਚ ਪੋਸਕੋ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ।
ਬਿਆਨ ਦੇਣ ਲਈ ਜਦੋਂ ਪੀੜਤ ਪਰਿਵਾਰ ਆਰੋਪੀ ਦੇ ਘਰ ਪਹੁੰਚਿਆ ਤਾਂ ਆਰੋਪੀ ਆਪਣੇ ਆਪ ਨੂੰ ਗਲ਼-ਫਾਹਾ ਲੈ ਕੇ ਮਾਰਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰਿਵਾਰ ਨੇ ਉਸ ਦੀ ਜਾਨ ਬਚਾਈ ਤਾਂ ਜੋ ਕਾਨੂੰਨੀ ਕਾਰਵਾਈ ਅਤੇ ਸਜ਼ਾ ਦੇ ਜ਼ਰੀਏ ਉਸ ਨੂੰ ਉਸਦੇ ਕੀਤੇ ਦੀ ਸਜ਼ਾ ਮਿਲ ਸਕੇ।
ਘਟਨਾ ਬਾਰੇ ਗੱਲ ਕਰਦਿਆਂ ਬੱਚੀ ਦੀ ਮਾਂ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਬੱਚੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਮਾਂਵਾਂ ਨੂੰ ਚਾਹੀਦਾ ਹੈ ਕਿ ਉਹ ਆਪਣੀਆਂ ਬੱਚੀਆਂ ’ਤੇ ਨਿਗਰਾਨੀ ਰੱਖਣ ਅਤੇ ਕਿਸੇ ’ਤੇ ਵੀ ਬੇਸੁਧ ਵਿਸ਼ਵਾਸ ਨਾ ਕਰਨ। ਕਿਉਂਕਿ ਅੱਜ-ਕੱਲ੍ਹ ਦਾ ਮਾਹੌਲ ਚਿੰਤਾਜਨਕ ਹੋ ਚੁੱਕਿਆ ਹੈ।
ਇੰਸਪੈਕਟਰ ਨੇ ਮੀਡੀਆ ਨੂੰ ਦੱਸਿਆ ਕਿ ਬਿਆਨਾਂ ਅਤੇ CCTV ਸਬੂਤਾਂ ਦੇ ਆਧਾਰ ’ਤੇ ਆਰੋਪੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਨੂੰ ਜੇਲ੍ਹ ਭੇਜਿਆ ਗਿਆ ਹੈ।
Get all latest content delivered to your email a few times a month.