ਤਾਜਾ ਖਬਰਾਂ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪੰਜਾਬ ਅਨੁਸੂਚਿਤ ਜਾਤੀਆਂ (ਐਸਸੀ) ਕਮਿਸ਼ਨ ਨੇ ਵੱਡਾ ਝਟਕਾ ਦਿੱਤਾ ਹੈ। ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਵੜਿੰਗ ਵੱਲੋਂ ਪੱਖ ਰੱਖਣ ਲਈ ਮੰਗਿਆ ਗਿਆ ਸਮਾਂ ਹੁਣ ਨਹੀਂ ਦਿੱਤਾ ਜਾਵੇਗਾ।
ਚੇਅਰਮੈਨ ਗੜ੍ਹੀ ਨੇ ਦੱਸਿਆ ਕਿ ਰਾਜਾ ਵੜਿੰਗ ਨੂੰ 20 ਨਵੰਬਰ ਤੱਕ ਕਮਿਸ਼ਨ ਅੱਗੇ ਹਰ ਹਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ, ਉਨ੍ਹਾਂ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਐਸਐਸਪੀ ਕਪੂਰਥਲਾ ਨੂੰ ਵੀ ਇਸ ਮਾਮਲੇ ਵਿੱਚ ਕਾਰਵਾਈ ਕਰਕੇ ਆਪਣੀ ਰਿਪੋਰਟ 20 ਨਵੰਬਰ ਨੂੰ ਹੀ ਪੇਸ਼ ਕਰਨ ਲਈ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਤੋਂ 10 ਦਿਨਾਂ ਵਿੱਚ ਕੀਤੀ ਗਈ ਕਾਰਵਾਈ ਬਾਰੇ ਵੀ ਜਾਣਕਾਰੀ ਮੰਗੀ ਗਈ ਹੈ।
ਸਾਬਕਾ ਗ੍ਰਹਿ ਮੰਤਰੀ ਖ਼ਿਲਾਫ਼ ਵਿਵਾਦਤ ਟਿੱਪਣੀ
ਇਹ ਮਾਮਲਾ ਸਾਬਕਾ ਗ੍ਰਹਿ ਮੰਤਰੀ ਸਵ. ਬੂਟਾ ਸਿੰਘ ਖ਼ਿਲਾਫ਼ ਵਿਵਾਦਿਤ ਸ਼ਬਦ ਵਰਤਣ ਨਾਲ ਸਬੰਧਤ ਹੈ, ਜਿਸ ਲਈ ਕਮਿਸ਼ਨ ਨੇ ਰਾਜਾ ਵੜਿੰਗ ਨੂੰ ਸੋ-ਮੋਟੋ ਨੋਟਿਸ ਭੇਜਿਆ ਸੀ। ਜਸਬੀਰ ਸਿੰਘ ਗੜ੍ਹੀ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਵੜਿੰਗ ਨੂੰ ਇਸ ਮਾਮਲੇ ਵਿੱਚ ਸਜ਼ਾ ਜ਼ਰੂਰ ਮਿਲੇਗੀ। ਜੇਕਰ ਪੁਲਿਸ ਦੀ ਕਾਰਵਾਈ ਸੰਤੋਸ਼ਜਨਕ ਨਾ ਹੋਈ ਤਾਂ ਉਨ੍ਹਾਂ ਤੋਂ ਰੋਜ਼ਾਨਾ (ਡੇਲੀ) ਰਿਪੋਰਟ ਵੀ ਮੰਗੀ ਜਾ ਸਕਦੀ ਹੈ।
ਪ੍ਰਤਾਪ ਸਿੰਘ ਬਾਜਵਾ ਵੀ ਤਲਬ
ਰਾਜਾ ਵੜਿੰਗ ਤੋਂ ਇਲਾਵਾ ਕਾਂਗਰਸੀ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਸੋ-ਮੋਟੋ ਨੋਟਿਸ ਭੇਜਿਆ ਗਿਆ ਹੈ। ਬਾਜਵਾ ਨੂੰ 19 ਨਵੰਬਰ ਨੂੰ ਕਮਿਸ਼ਨ ਅੱਗੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਗੜ੍ਹੀ ਨੇ ਦੱਸਿਆ ਕਿ ਬਾਜਵਾ ਨੂੰ ਇਹ ਨੋਟਿਸ 'ਭਾਈ ਜੀਵਨ ਸਿੰਘ' (ਭਾਈ ਸਾਹਿਬ) ਦੀ ਫੋਟੋ ਨੂੰ ਗਲਤ ਤਰੀਕੇ ਨਾਲ ਪੇਸ਼ ਕਰਕੇ ਉਨ੍ਹਾਂ ਦਾ ਅਪਮਾਨ ਕਰਨ ਲਈ ਭੇਜਿਆ ਗਿਆ ਹੈ। ਉਨ੍ਹਾਂ ਖਿਲਾਫ਼ ਵੀ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਦਲਿਤਾਂ ਨਾਲ ਧੱਕੇਸ਼ਾਹੀ ਬਰਦਾਸ਼ਤ ਨਹੀਂ
ਚੇਅਰਮੈਨ ਜਸਬੀਰ ਗੜ੍ਹੀ ਨੇ ਦ੍ਰਿੜਤਾ ਨਾਲ ਕਿਹਾ ਕਿ ਪੰਜਾਬ ਵਿੱਚ ਐਸਸੀ ਸਮਾਜ ਦੇ ਖਿਲਾਫ਼ ਕੋਈ ਵੀ ਕੰਮ ਕਰਨ ਵਾਲੇ ਜਾਂ ਦਲਿਤ ਸਮਾਜ ਬਾਰੇ ਵਿਵਾਦਿਤ ਬੋਲਣ ਵਾਲੇ ਕਿਸੇ ਵੀ ਲੀਡਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ, "ਕੋਈ ਵੀ ਲੀਡਰ ਦਲਿਤ ਸਮਾਜ ਦੇ ਖਿਲਾਫ਼ ਕੁੱਝ ਵੀ ਬੋਲ ਜਾਵੇ, ਇਹ ਬਰਦਾਸ਼ਤ ਨਹੀਂ ਹੋਵੇਗਾ।" ਕਮਿਸ਼ਨ ਵੱਲੋਂ ਦਲਿਤਾਂ ਨਾਲ ਧੱਕੇਸ਼ਾਹੀ ਕਰਨ ਵਾਲਿਆਂ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਮੁਤਾਬਕ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਵੜਿੰਗ ਦੇ ਵਕੀਲ ਆਪਣਾ ਪੱਖ ਰੱਖਣ ਲਈ ਸਮਾਂ ਮੰਗ ਰਹੇ ਹਨ। ਸੋਮਵਾਰ (ਅੱਜ) ਨੂੰ ਪਤਾ ਚੱਲ ਸਕਦਾ ਹੈ ਕਿ ਉਨ੍ਹਾਂ ਨੂੰ ਸਮਾਂ ਮਿਲੇਗਾ ਜਾਂ ਨਹੀਂ।
Get all latest content delivered to your email a few times a month.