ਤਾਜਾ ਖਬਰਾਂ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪਾਕਿਸਤਾਨ ਜਾਣ ਵਾਲੀਆਂ ਇਕੱਲੀਆਂ ਮਹਿਲਾ ਸ਼ਰਧਾਲੂਆਂ ਦੀ ਵੀਜ਼ਾ ਪ੍ਰਕਿਰਿਆ ਵਿੱਚ ਕੜੀਆਂ ਪਾਬੰਦੀਆਂ ਲਗਾਉਣ ਦਾ ਫੈਸਲਾ ਲਿਆ ਹੈ। ਇਹ ਸਾਰਾ ਕਦਮ ਕਪੂਰਥਲਾ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਹਾਲ ਹੀ ਦੇ ਮਾਮਲੇ ਤੋਂ ਬਾਅਦ ਉਠਾਇਆ ਗਿਆ ਹੈ। ਸਰਬਜੀਤ ਕੌਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ 4 ਨਵੰਬਰ ਨੂੰ 1932 ਸਿੱਖ ਯਾਤਰੀਆਂ ਦੇ ਜਥੇ ਨਾਲ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਗਈ ਸੀ, ਪਰ ਜਥੇ ਦੀ ਵਾਪਸੀ ਦੌਰਾਨ ਉਹ ਮੌਜੂਦ ਨਹੀਂ ਸੀ ਅਤੇ ਫਰਾਰ ਹੋ ਗਈ।
ਮੀਡੀਆ ਰਿਪੋਰਟਾਂ ਮੁਤਾਬਕ, ਪਾਕਿਸਤਾਨ ਵਿੱਚ ਰਹਿੰਦੇ ਹੋਏ ਉਸਨੇ ਨਾ ਸਿਰਫ਼ ਆਪਣਾ ਨਾਮ ਬਦਲ ਲਿਆ, ਸਗੋਂ ਉਥੇ ਹੀ ਵਿਆਹ ਵੀ ਕਰਵਾ ਲਿਆ। SGPC ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਇਹ ਸਾਰੀ ਗਤੀਵਿਧੀ ਇਸ ਗੱਲ ਦਾ ਸੰਕੇਤ ਹੈ ਕਿ ਸਰਬਜੀਤ ਦੇ ਪਾਕਿਸਤਾਨ ਵਿੱਚ ਪਹਿਲਾਂ ਹੀ ਸੰਪਰਕ ਸਨ। ਉਨ੍ਹਾਂ ਨੇ ਜਾਂਚ ਏਜੰਸੀਆਂ ਦੀ ਲਾਪਰਵਾਹੀ ‘ਤੇ ਕੜੇ ਸਵਾਲ ਖੜ੍ਹੇ ਕੀਤੇ ਕਿ ਇਨ੍ਹਾਂ ਗੱਲਾਂ ਦਾ ਸਮੇਂ ਸਿਰ ਪਤਾ ਕਿਵੇਂ ਨਹੀਂ ਲੱਗਿਆ।
SGPC ਨੇ ਹੁਣ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਭਵਿੱਖ ਵਿੱਚ ਸੰਸਥਾ ਇਕੱਲੀਆਂ ਔਰਤਾਂ ਦੀਆਂ ਪਾਕਿਸਤਾਨ ਲਈ ਕਿਸੇ ਵੀ ਵੀਜ਼ਾ ਅਰਜ਼ੀਆਂ ’ਤੇ ਕਾਰਵਾਈ ਨਹੀਂ ਕਰੇਗੀ। ਇਹ ਕਦਮ ਔਰਤਾਂ ਦੀ ਸੁਰੱਖਿਆ ਅਤੇ ਧਾਰਮਿਕ ਜਥਿਆਂ ਦੀ ਸੰਜੀਦਗੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ।
ਯਾਦ ਰਹੇ ਕਿ ਇਹ ਪਹਿਲਾ ਮਾਮਲਾ ਨਹੀਂ। 2018 ਵਿੱਚ ਹਸ਼ਿਆਰਪੁਰ ਦੀ ਕਿਰਨ ਬਾਲਾ ਵੀ ਇੱਕ ਸਿੱਖ ਜਥੇ ਨਾਲ ਪਾਕਿਸਤਾਨ ਗਈ ਸੀ ਅਤੇ ਉਥੇ ਇਸਲਾਮ ਧਰਮ ਅਪਣਾਉਣ ਤੋਂ ਬਾਅਦ ਵਿਆਹ ਕਰ ਲਿਆ ਸੀ। ਉਸਦੇ ਖ਼ਿਲਾਫ ਧੋਖਾਧੜੀ ਅਤੇ ਜਾਲਸਾਜ਼ੀ ਦੇ ਕੇਸ ਵੀ ਦਰਜ ਸਨ। ਇਹ ਦੋਨੋਂ ਘਟਨਾਵਾਂ SGPC ਲਈ ਵੱਡੀ ਚੇਤਾਵਨੀ ਸਾਬਤ ਹੋਈਆਂ ਹਨ, ਜਿਸ ਕਾਰਨ ਹੁਣ ਸਖ਼ਤ ਨਿਯਮ ਲਾਗੂ ਕੀਤੇ ਜਾ ਰਹੇ ਹਨ।
Get all latest content delivered to your email a few times a month.