ਤਾਜਾ ਖਬਰਾਂ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਮ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਦੇ ਮਕਸਦ ਨਾਲ ਖਾਣ-ਪੀਣ ਦੀਆਂ ਕੁਝ ਆਯਾਤ ਵਸਤਾਂ 'ਤੇ ਲੱਗੇ ਟੈਰਿਫ ਨੂੰ ਘਟਾਉਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ ਨੂੰ ਇੱਕ ਕਾਰਜਕਾਰੀ ਆਦੇਸ਼ (Executive Order) 'ਤੇ ਦਸਤਖਤ ਕਰਨ ਮਗਰੋਂ ਉਨ੍ਹਾਂ ਕਿਹਾ ਕਿ ਇਹ ਕਦਮ ਉਨ੍ਹਾਂ ਲੋਕਾਂ ਨੂੰ ਵੱਡੀ ਰਾਹਤ ਦੇਵੇਗਾ ਜਿਨ੍ਹਾਂ ਨੂੰ ਟੈਰਿਫ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਮਹਿੰਗੀਆਂ ਹੋਣ ਦੀ ਸ਼ਿਕਾਇਤ ਸੀ।
ਟੈਰਿਫ ਘਟਾਈਆਂ ਗਈਆਂ ਮੁੱਖ ਵਸਤਾਂ:
ਕੌਫੀ, ਚਾਹ, ਕੋਕੋ, ਮਸਾਲੇ
ਮੌਸਮੀ ਫਲ, ਜੂਸ, ਸੁੱਕੇ ਮੇਵੇ
ਕੇਲੇ, ਸੰਤਰੇ, ਟਮਾਟਰ, ਐਵੋਕਾਡੋ, ਅਨਾਨਾਸ, ਨਾਰੀਅਲ
ਮਾਸ
ਘਟਾਇਆ ਗਿਆ ਇਹ ਟੈਰਿਫ 13 ਨਵੰਬਰ ਤੋਂ ਲਾਗੂ ਹੋ ਗਿਆ ਹੈ। ਇਹ ਛੋਟਾਂ ਮੁੱਖ ਤੌਰ 'ਤੇ ਉਨ੍ਹਾਂ ਚੀਜ਼ਾਂ 'ਤੇ ਦਿੱਤੀਆਂ ਗਈਆਂ ਹਨ ਜੋ ਅਮਰੀਕਾ ਵਿੱਚ ਪੈਦਾ ਨਹੀਂ ਹੁੰਦੀਆਂ ਜਾਂ ਜਿਨ੍ਹਾਂ ਦਾ ਉਤਪਾਦਨ ਘੱਟ ਹੁੰਦਾ ਹੈ।
ਚੋਣਾਂ 'ਚ ਹਾਰ ਤੋਂ ਬਾਅਦ ਤੁਰੰਤ ਕਾਰਵਾਈ
ਰਾਸ਼ਟਰਪਤੀ ਟਰੰਪ ਦਾ ਇਹ ਫੈਸਲਾ ਉਸ ਸਮੇਂ ਆਇਆ ਹੈ ਜਦੋਂ ਹਾਲ ਹੀ ਵਿੱਚ ਹੋਈਆਂ ਮੇਅਰ ਚੋਣਾਂ ਵਿੱਚ ਰਿਪਬਲਿਕਨ ਪਾਰਟੀ ਦੇ ਨੇਤਾਵਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਡੈਮੋਕ੍ਰੇਟਸ ਨੇ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ, ਟਰੰਪ ਨੇ ਖੇਤੀ ਉਤਪਾਦਾਂ 'ਤੇ ਟੈਰਿਫ ਘਟਾਉਣ ਲਈ ਇਕਵਾਡੋਰ, ਗੁਆਟੇਮਾਲਾ, ਅਲ ਸਲਵਾਡੋਰ ਅਤੇ ਅਰਜਨਟੀਨਾ ਨਾਲ ਵਪਾਰ ਸਮਝੌਤੇ ਵੀ ਸਾਈਨ ਕੀਤੇ ਹਨ।
ਬ੍ਰਾਜ਼ੀਲ 'ਤੇ ਪੈਨਲਟੀ ਟੈਰਿਫ ਕਾਇਮ
ਇਸ ਰਾਹਤ ਦੇ ਬਾਵਜੂਦ, ਬ੍ਰਾਜ਼ੀਲ ਨਾਲ ਵਪਾਰਕ ਸਬੰਧਾਂ ਵਿੱਚ ਅਜੇ ਵੀ ਖਿੱਚੋਤਾਣ ਬਣੀ ਹੋਈ ਹੈ। ਅਮਰੀਕਾ ਵਿੱਚ ਜਾਨਵਰਾਂ ਦੀ ਗਿਣਤੀ ਘਟਣ ਕਾਰਨ ਬੀਫ ਦੀਆਂ ਕੀਮਤਾਂ ਵਧੀਆਂ ਹਨ। ਬ੍ਰਾਜ਼ੀਲ ਤੋਂ ਬੀਫ ਦੀ ਆਮਦ ਰੁਕਣ ਕਾਰਨ ਘਰੇਲੂ ਬਾਜ਼ਾਰ ਵਿੱਚ ਮਹਿੰਗਾਈ ਵਧੀ ਹੈ। ਹਾਲਾਂਕਿ ਆਮ 10% ਟੈਰਿਫ ਖਤਮ ਕਰ ਦਿੱਤਾ ਗਿਆ ਹੈ, ਪਰ ਬ੍ਰਾਜ਼ੀਲ ਤੋਂ ਆਉਣ ਵਾਲੇ ਬੀਫ 'ਤੇ ਅਜੇ ਵੀ 40% ਵਾਧੂ ਪੈਨਲਟੀ ਟੈਰਿਫ ਲਗਾਇਆ ਗਿਆ ਹੈ।
ਕੌਫੀ ਦੇ ਆਯਾਤ 'ਤੇ ਵੀ ਇਸੇ ਤਰ੍ਹਾਂ ਦਾ ਅਸਰ ਪਿਆ ਹੈ। ਬ੍ਰਾਜ਼ੀਲ 'ਤੇ ਕੁੱਲ 50% ਟੈਰਿਫ ਲੱਗਣ ਕਾਰਨ ਅਗਸਤ ਅਤੇ ਅਕਤੂਬਰ ਵਿੱਚ ਬ੍ਰਾਜ਼ੀਲ ਤੋਂ ਬੀਨਜ਼ ਦੀ ਖਰੀਦ ਵਿੱਚ ਕਮੀ ਆਈ।
ਅਮਰੀਕੀ ਉਤਪਾਦਕਾਂ ਨੇ ਚੇਤਾਵਨੀ ਦਿੱਤੀ ਸੀ ਕਿ ਟੈਰਿਫ ਕਾਰਨ ਕੌਫੀ ਸਮੇਤ ਹੋਰ ਵਸਤਾਂ ਦੀ ਸਪਲਾਈ ਘਟੇਗੀ, ਜਿਸ ਨਾਲ ਕੀਮਤਾਂ ਵਧਣਗੀਆਂ ਅਤੇ ਮੰਗ ਘਟੇਗੀ। ਕੋਕੋ, ਜੰਮੇ ਹੋਏ ਸੰਤਰੇ ਦਾ ਰਸ, ਮਸਾਲੇ, ਬੀਜ, ਮੇਵੇ ਅਤੇ ਖਾਦਾਂ 'ਤੇ ਜ਼ਿਆਦਾ ਟੈਰਿਫ ਕਾਰਨ ਅਮਰੀਕਾ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਸੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ: ਨਵੇਂ ਆਦੇਸ਼ ਨਾਲ ਕੁਝ ਰਾਹਤ ਮਿਲੇਗੀ, ਪਰ ਬ੍ਰਾਜ਼ੀਲ ਨੂੰ ਨਿਸ਼ਾਨਾ ਬਣਾ ਕੇ ਲਗਾਇਆ ਗਿਆ ਵਾਧੂ ਟੈਰਿਫ ਬੀਫ ਅਤੇ ਕੌਫੀ ਬਾਜ਼ਾਰਾਂ ਨੂੰ ਪ੍ਰਭਾਵਿਤ ਕਰਦਾ ਰਹੇਗਾ, ਜਿਸਦਾ ਅੰਤਮ ਨੁਕਸਾਨ ਅਮਰੀਕੀ ਅਰਥਵਿਵਸਥਾ ਨੂੰ ਹੀ ਉਠਾਉਣਾ ਪਵੇਗਾ।
Get all latest content delivered to your email a few times a month.