ਤਾਜਾ ਖਬਰਾਂ
ਚੰਡੀਗੜ੍ਹ, 14 ਨਵੰਬਰ:
ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਅੱਜ ਸੈਕਟਰ 26, ਮਗਸੀਪਾ ਵਿਖੇ "ਭੋਜਨ ਹੀ ਦਵਾਈ ਹੈ" ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ, ਜਿਸਦਾ ਉਦੇਸ਼ ਮਿਆਰੀ ਸਿਹਤ ਤੇ ਸਿਹਤਮੰਦ ਜੀਵਨਸ਼ੈਲੀ ਯਕੀਨੀ ਬਣਾਉਣਾ ਹੈ। ਇਸ ਸੈਮੀਨਾਰ ਦੌਰਾਨ ਸੂਬਾ ਵਾਸੀਆਂ ਦਰਮਿਆਨ ਸਿਹਤਮੰਦ ਖਾਣ-ਪੀਣ ਦੀਆਂ ਆਦਤਾਂ ਪੈਦਾ ਕਰਨ ‘ਤੇ ਧਿਆਨ ਕੇਂਦਰਿਤ ਕਰਦਿਆਂ ‘ਸਹੀ ਭੋਜਨ ਹੀ ਪਹਿਲੀ ਦਵਾਈ ਹੈ’, ਵਿਸ਼ੇ ‘ਤੇ ਮੁੱਖ ਤੌਰ ‘ਤੇ ਚਰਚਾ ਕੀਤੀ ਗਈ।
ਲੁਧਿਆਣਾ ਤੋਂ ਡਾ. ਵਿਪਨ ਭਾਰਗਵ ਨੇ ਕਿਹਾ ਕਿ ਇਸ ਨੁਕਤੇ ਨੂੰ ਉਜਾਗਰ ਕਰਦਿਆਂ ਪੌਸ਼ਟਿਕ ਭੋਜਨ ਖਾਣ ਦਾ ਸੁਨੇਹਾ ਜ਼ਮੀਨੀ ਪੱਧਰ ਤੱਕ ਪਹੁੰਚਾਉਣਾ ਯਕੀਨੀ ਬਣਾਉਣਾ ਬਹੁਤ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡੇ ਸਰੀਰ ਵਿੱਚ ਆਪਣੀ ਪਾਲਣਾ ਖੁਦ ਕਰਨ ਦੀ ਇੱਕ ਵਿਸ਼ੇਸ਼ ਵਿਧੀ ਹੈ ਪਰ ਸਿਰਫ਼ ਇਸਨੂੰ ਸਹੀ ਮਾਤਰਾ ਵਿੱਚ ਖੁਰਾਕ ਦੇਣ ਦੀ ਲੋੜ ਹੈ। ਉਨ੍ਹਾਂ ਨੇ ਘਰ, ਸਕੂਲ ਅਤੇ ਪਿੰਡ ਪੰਚਾਇਤ ਪੱਧਰ 'ਤੇ ਨਿਊਟ੍ਰਿਸ਼ਨ ਹੱਟਸ ਅਤੇ ਨਿਊਟ੍ਰਿਸ਼ਨ ਪੁਆਇੰਟਸ ਹੋਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ। ਡਾ. ਭਾਰਗਵ ਨੇ ਅੱਗੇ ਕਿਹਾ ਕਿ ਪੌਦਿਆਂ 'ਤੇ ਆਧਾਰਿਤ ਕੁਦਰਤੀ ਸਬਜ਼ੀਆਂ ਅਤੇ ਘਰ ਵਿੱਚ ਉਗਾਈਆਂ ਜਾਣ ਵਾਲੀਆਂ ਸਬਜ਼ੀਆਂ ਇੱਕ ਸਿਹਤਮੰਦ ਜੀਵਨ ਸ਼ੈਲੀ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ।
ਆਯੁਰਵੇਦ ਦੀ ਮਹੱਤਤਾ 'ਤੇ ਜ਼ੋਰ ਦਿੰਦਿਆਂ ਆਈਆਰਏ ਚੈਂਬਰ ਆਫ਼ ਆਯੁਰਵੇਦ ਦੇ ਚੇਅਰਮੈਨ ਐਸ.ਕੇ. ਬਾਤਿਸ਼ ਨੇ ਦੱਸਿਆ ਕਿ ਵਿਸ਼ਵ ਭਰ ਦੇ 170 ਦੇਸ਼ਾਂ ਨੇ ਆਯੁਰਵੇਦ ਦੀ ਮਹਤੱਤਾ ਨੂੰ ਸਵੀਕਾਰਿਆ ਹੈ ਜਦੋਂ ਕਿ 23 ਦੇਸ਼ਾਂ ਨੇ ਇਸਨੂੰ ਆਪਣੀ ਸਿਹਤ ਨੀਤੀ ਦਾ ਹਿੱਸਾ ਬਣਾਇਆ ਹੈ। ਉਨ੍ਹਾਂ ਨੇ ਮੋਟੇ ਅਨਾਜ ‘ਤੇ ਅਧਾਰਤ ਖੁਰਾਕ ਦੀ ਮਹੱਤਤਾ ਦੀ ਵੀ ਵਕਾਲਤ ਕੀਤੀ।
ਸਿਹਤ ਅਤੇ ਜੀਵਨ ਕੋਚ ਹਰਕੰਵਲ ਪੀ. ਸਿੰਘ ਧਾਲੀਵਾਲ ਨੇ ਸਰੀਰ ਨੂੰ ਡੀਟੌਕਸੀਫਾਈ ਕਰਨ ਅਤੇ ਸਾਡੇ ਦੁਆਰਾ ਖਾਧੇ ਜਾਣ ਵਾਲੇ ਵੱਖ-ਵੱਖ ਕਿਸਮਾਂ ਦੇ ਭੋਜਨ ਨੂੰ ਸੰਤੁਲਿਤ ਕਰਨ ਬਾਰੇ ਜਾਣੂੰ ਹੋਣ ਦੀ ਲੋੜ 'ਤੇ ਵੀ ਜ਼ੋਰ ਦਿੱਤਾ।ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਮੁੱਖ ਮਹਿਮਾਨ ਹਿਮਾਚਲ ਪ੍ਰਦੇਸ਼ ਖੁਰਾਕ ਕਮਿਸ਼ਨ, ਸ਼ਿਮਲਾ ਦੇ ਚੇਅਰਮੈਨ ਡਾ. ਐਸ.ਪੀ. ਕਤਿਆਲ ਦਾ ਸਵਾਗਤ ਕੀਤਾ, ਜਿਨ੍ਹਾਂ ਨੇ ਸਿਹਤਮੰਦ ਜੀਵਨ ਸ਼ੈਲੀ ਨੂੰ ਯਕੀਨੀ ਬਣਾਉਣ ਸਬੰਧੀ ਵਧੀਆ ਭੋਜਨ ਅਭਿਆਸਾਂ ਲਈ ਪੰਜਾਬ ਰਾਜ ਖੁਰਾਕ ਕਮਿਸ਼ਨ ਵੱਲੋਂ ਨਿਭਾਈ ਜਾ ਰਹੀ ਸ਼ਾਨਦਾਰ ਭੂਮਿਕਾ ਦੀ ਸ਼ਲਾਘਾ ਕੀਤੀ।
ਇਸ ਮੌਕੇ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਵਿਜੇ ਦੱਤ, ਚੇਤਨ ਪ੍ਰਕਾਸ਼ ਧਾਲੀਵਾਲ ਅਤੇ ਜਸਵੀਰ ਸਿੰਘ ਸੇਖੋਂ ਤੋਂ ਇਲਾਵਾ ਸਾਬਕਾ ਮੈਂਬਰ ਪ੍ਰੀਤੀ ਚਾਵਲਾ, ਮੈਂਬਰ ਸਕੱਤਰ ਕਨੂ ਥਿੰਦ ਅਤੇ ਵਾਈਸ ਚੇਅਰਪਰਸਨ ਆਈ.ਆਰ.ਏ. ਚੈਂਬਰ ਆਫ਼ ਆਯੁਰਵੇਦ ਕੰਚਨ ਸ਼ਰਮਾ ਵੀ ਮੌਜੂਦ ਸਨ।
Get all latest content delivered to your email a few times a month.