ਤਾਜਾ ਖਬਰਾਂ
ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਅੱਤਵਾਦੀ ਹਮਲੇ ਦਾ ਖ਼ਤਰਾ ਅਜੇ ਵੀ ਕਾਇਮ ਹੈ। ਸੁਰੱਖਿਆ ਏਜੰਸੀਆਂ ਨੇ ਖੁਲਾਸਾ ਕੀਤਾ ਹੈ ਕਿ ਇੱਕ ਸ਼ੱਕੀ ਅੱਤਵਾਦੀ ਲਾਲ ਰੰਗ ਦੀ ਈਕੋ ਸਪੋਰਟ ਕਾਰ ਵਿੱਚ ਦਿੱਲੀ ਦੇ ਵੱਖ-ਵੱਖ ਖੇਤਰਾਂ 'ਚ ਘੁੰਮ ਰਿਹਾ ਹੈ। ਇਹ ਜਾਣਕਾਰੀ ਪਾਰਕਿੰਗ ਖੇਤਰਾਂ ਅਤੇ ਘਟਨਾ ਸਥਾਨ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਤੋਂ ਬਾਅਦ ਸਾਹਮਣੇ ਆਈ ਹੈ।
ਜਾਂਚ ਅਨੁਸਾਰ, ਸ਼ੱਕੀ ਕਾਰ ਦਾ ਰਜਿਸਟ੍ਰੇਸ਼ਨ ਨੰਬਰ ਦਿੱਲੀ ਦਾ ਹੈ। ਇਸ ਖੁਲਾਸੇ ਨਾਲ ਹੀ ਸੁਰੱਖਿਆ ਏਜੰਸੀਆਂ — ਖ਼ਾਸ ਕਰਕੇ ਦਿੱਲੀ ਪੁਲਿਸ ਅਤੇ ਰਾਸ਼ਟਰੀ ਸੁਰੱਖਿਆ ਗਾਰਡ — ਚੌਕਸੀ 'ਤੇ ਆ ਗਏ ਹਨ। ਪੂਰੀ ਰਾਜਧਾਨੀ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਸਾਰੇ ਵੀਵੀਆਈਪੀ ਇਲਾਕਿਆਂ, ਇਤਿਹਾਸਕ ਧਰੋਹਰਾਂ, ਮੰਦਰਾਂ, ਬਾਜ਼ਾਰਾਂ ਅਤੇ ਭੀੜ ਵਾਲੇ ਖੇਤਰਾਂ ਵਿੱਚ ਸੁਰੱਖਿਆ ਵਧਾ ਦਿੱਤੀ ਗਈ ਹੈ।
ਦਿੱਲੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਫਰੀਦਾਬਾਦ ਵਿੱਚ ਹੋਈ ਇੱਕ ਤਾਜ਼ਾ ਕਾਰਵਾਈ ਤੋਂ ਬਾਅਦ ਜੈਸ਼-ਏ-ਮੁਹੰਮਦ ਦੇ ਮਾਡਿਊਲ ਦੇ ਕੁਝ ਸ਼ੱਕੀ ਦੋ ਵਾਹਨਾਂ ਰਾਹੀਂ ਦਿੱਲੀ ਵਿੱਚ ਦਾਖਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਕਾਰ, ਜਿਸਦਾ ਰਜਿਸਟ੍ਰੇਸ਼ਨ ਨੰਬਰ ਹਰਿਆਣਾ ਦਾ ਸੀ, ਲਾਲ ਕਿਲ੍ਹੇ ਦੇ ਨੇੜੇ ਧਮਾਕੇ ਵਿੱਚ ਵਰਤੀ ਗਈ। ਇਹ ਧਮਾਕਾ 10 ਨਵੰਬਰ ਦੀ ਸ਼ਾਮ ਨੂੰ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਕੋਲ ਇੱਕ ਹੁੰਡਈ ਆਈ20 ਕਾਰ ਵਿੱਚ ਹੋਇਆ ਸੀ।
ਇਸ ਭਿਆਨਕ ਧਮਾਕੇ ਵਿੱਚ ਘੱਟੋ-ਘੱਟ 13 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋਏ। ਜ਼ਖਮੀਆਂ ਨੂੰ ਤੁਰੰਤ ਐਲਐਨਜੇਪੀ ਹਸਪਤਾਲ ਭੇਜਿਆ ਗਿਆ, ਜਿੱਥੇ ਕਈਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਧਮਾਕੇ ਦੀ ਗੂੰਜ ਦੇਸ਼ ਭਰ ਵਿੱਚ ਸੁਣਾਈ ਦਿੱਤੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਸੁਰੱਖਿਆ ਏਜੰਸੀਆਂ ਨੂੰ ਪੂਰੀ ਤਿਆਰੀ 'ਚ ਰਹਿਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਇਸ ਵੇਲੇ ਦਿੱਲੀ ਪੁਲਿਸ ਵੱਲੋਂ ਲਾਲ ਰੰਗ ਦੀ ਲਾਪਤਾ ਈਕੋ ਸਪੋਰਟ ਕਾਰ ਅਤੇ ਸ਼ੱਕੀ ਅੱਤਵਾਦੀ ਦੀ ਤਲਾਸ਼ ਜਾਰੀ ਹੈ।
Get all latest content delivered to your email a few times a month.