ਤਾਜਾ ਖਬਰਾਂ
ਪੰਜਾਬ ਦੇ ਜ਼ਿਲ੍ਹਾ ਪਟਿਆਲਾ ਦੇ ਸਮਾਣਾ ਹਲਕੇ ਵਿੱਚ ਪੈਂਦੇ ਪਿੰਡ ਸੱਸੀ ਬ੍ਰਾਹਮਣਾ ਦੇ ਨਿਵਾਸੀ ਭੁਪਿੰਦਰ ਕੁਮਾਰ ਸ਼ਰਮਾ ਪੁੱਤਰ ਧਰਮਚੰਦ ਸ਼ਰਮਾ ਦੀ ਆਸਟਰੇਲੀਆ ਵਿੱਚ ਹੋਏ ਸੜਕ ਹਾਦਸੇ ‘ਚ ਮੌਤ ਹੋ ਗਈ। ਇਹ ਦੁਖਦਾਈ ਘਟਨਾ ਉਸ ਵੇਲੇ ਵਾਪਰੀ ਜਦੋਂ ਭੁਪਿੰਦਰ ਆਪਣੇ ਇੱਕ ਟਰਾਲੇ ਨੂੰ ਦੇਖਣ ਲਈ ਜਾ ਰਿਹਾ ਸੀ। ਵਾਪਸੀ ਦੇ ਦੌਰਾਨ ਗੱਡੀ ਬੇਕਾਬੂ ਹੋਣ ਕਾਰਨ ਉਹਦਾ ਸੜਕ ਹਾਦਸਾ ਹੋ ਗਿਆ ਜਿਸ ਨਾਲ ਮੌਕੇ ਤੇ ਹੀ ਉਸ ਦੀ ਮੌਤ ਹੋ ਗਈ।
ਭੁਪਿੰਦਰ ਸ਼ਰਮਾ 2008 ਵਿੱਚ ਆਈਲੈਟਸ ਕਰਕੇ ਆਸਟਰੇਲੀਆ ਗਿਆ ਸੀ। ਪਿੰਡ ‘ਚ ਘੱਗਰ ਦਰਿਆ ਦੀ ਹੜਾਂ ਕਰਕੇ ਹਰ ਸਾਲ ਫਸਲਾਂ ਤਬਾਹ ਹੋ ਜਾਂਦੀਆਂ ਸਨ, ਜਿਸ ਕਾਰਨ ਪਰਿਵਾਰ ਦੀ ਆਰਥਿਕ ਹਾਲਤ ਬਹੁਤ ਕਮਜ਼ੋਰ ਸੀ। ਵਿਦੇਸ਼ ਜਾਣ ਲਈ ਪਰਿਵਾਰ ਨੇ ਰਿਸ਼ਤੇਦਾਰਾਂ ਤੋਂ ਪੈਸੇ ਇਕੱਠੇ ਕਰਕੇ ਉਸਨੂੰ ਭੇਜਿਆ ਸੀ। ਉੱਥੇ ਜਾ ਕੇ ਭੁਪਿੰਦਰ ਨੇ ਟਰੱਕ ਚਲਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ ਆਪਣਾ ਕਾਰੋਬਾਰ ਖੜ੍ਹਾ ਕਰ ਲਿਆ।
ਉਹਦੇ ਪਿਤਾ ਧਰਮਚੰਦ ਸ਼ਰਮਾ ਨੇ ਦੱਸਿਆ ਕਿ ਪੁੱਤਰ ਹਮੇਸ਼ਾ ਘਰ ਨਾਲ ਸੰਪਰਕ ਵਿੱਚ ਰਹਿੰਦਾ ਸੀ ਅਤੇ ਵਾਅਦਾ ਕਰਦਾ ਸੀ ਕਿ ਜਦੋਂ ਉਸਦਾ ਕਾਰੋਬਾਰ ਪੂਰੀ ਤਰ੍ਹਾਂ ਸੈੱਟ ਹੋ ਜਾਵੇਗਾ, ਤਾਂ ਉਹ ਪਿੰਡ ਵਿੱਚ 50 ਕਿੱਲੇ ਜ਼ਮੀਨ ਖਰੀਦ ਕੇ ਮਾਪਿਆਂ ਦਾ ਨਾਮ ਰੌਸ਼ਨ ਕਰੇਗਾ। ਉਸਦਾ ਸੁਪਨਾ ਸੀ ਕਿ ਪਿਤਾ ਜੀ ਦਾ ਨਾਮ ‘ਬੀ ਨੰਬਰਦਾਰ ਧਰਮਚੰਦ’ ਦੇ ਤੌਰ ‘ਤੇ ਮਾਣ ਨਾਲ ਲਿਆ ਜਾਵੇ ਤੇ ਆਪਣੇ ਕਾਰੋਬਾਰ ਦੇ ਤਹਿਤ 150 ਟਰਾਲੇ ਪਾਣੇ।
ਪਰੰਤੂ ਕਿਸਮਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਭੁਪਿੰਦਰ ਦੀ ਅਚਾਨਕ ਮੌਤ ਨੇ ਪਰਿਵਾਰ ਨੂੰ ਤਬਾਹ ਕਰ ਦਿੱਤਾ। ਉਸਦੀ ਪਤਨੀ ਇਸ ਵੇਲੇ ਆਸਟਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿੱਚ ਆਪਣੇ ਦੋ ਬੱਚਿਆਂ — ਪੁੱਤਰ ਬਿਨੈਕ ਅਤੇ ਧੀ ਅਦਿਤੀ ਨਾਲ ਰਹਿ ਰਹੀ ਹੈ।
ਭੁਪਿੰਦਰ ਦੀ ਮਾਂ ਬਿਮਲਾ ਦੇਵੀ ਨੇ ਰੋ-ਰੋ ਕੇ ਦੱਸਿਆ ਕਿ ਉਸਦਾ ਪੁੱਤਰ ਬਿਲਕੁਲ ਸਰਵਣ ਵਰਗਾ ਸੀ, ਜੋ ਮਾਂ ਦੀ ਹਰੇਕ ਖੁਸ਼ੀ ਦਾ ਧਿਆਨ ਰੱਖਦਾ ਸੀ। ਉਹ ਕਈ ਵਾਰੀ ਪੁੱਤਰ ਕੋਲ ਆਸਟਰੇਲੀਆ ਵੀ ਗਈ ਸੀ।
ਹੁਣ ਪਰਿਵਾਰ ਦਾ ਇਕੋ ਮੰਤਵ ਹੈ ਕਿ ਭੁਪਿੰਦਰ ਦੀ ਮ੍ਰਿਤਕ ਦੇਹ ਜਲਦ ਤੋਂ ਜਲਦ ਵਾਪਸ ਪੰਜਾਬ ਲਿਆਈ ਜਾਵੇ। ਪਰਿਵਾਰ ਨੇ ਦੱਸਿਆ ਕਿ ਡੈਡ ਬੌਡੀ ਲਿਆਉਣ ਦਾ ਖਰਚਾ ਲਗਭਗ 42 ਲੱਖ ਰੁਪਏ ਦੱਸਿਆ ਜਾ ਰਿਹਾ ਹੈ, ਜੋ ਉਹਨਾਂ ਲਈ ਸੰਭਵ ਨਹੀਂ।
ਪਰਿਵਾਰ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੋਵਾਂ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਆਪਣੇ ਪੁੱਤਰ ਦਾ ਅੰਤਿਮ ਸੰਸਕਾਰ ਮਾਤ ਭੂਮੀ ‘ਤੇ ਕਰ ਸਕਣ।
Get all latest content delivered to your email a few times a month.