ਤਾਜਾ ਖਬਰਾਂ
ਪੰਜਾਬ ਵਿੱਚ ਇਸ ਵਾਰ ਸਰਦੀਆਂ ਦੀ ਸ਼ੁਰੂਆਤ ਸਮੇਂ ਤੋਂ ਪਹਿਲਾਂ ਅਤੇ ਕਾਫ਼ੀ ਤੇਜ਼ ਹੋਣ ਵਾਲੀ ਹੈ। ਹਾਲ ਹੀ ਵਿੱਚ ਸਰਗਰਮ ਹੋਈ ਪੱਛਮੀ ਗੜਬੜੀ (Western Disturbance) ਅਤੇ ਖ਼ਾਸ ਕਰਕੇ ਲਾ ਨੀਨਾ (La Niña) ਮੌਸਮੀ ਵਰਤਾਰੇ ਦੇ ਪ੍ਰਭਾਵ ਕਾਰਨ ਇਸ ਦਸੰਬਰ ਵਿੱਚ ਲੋਕਾਂ ਨੂੰ ਆਮ ਨਾਲੋਂ ਜ਼ਿਆਦਾ ਤੇਜ਼ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਪਾਰਾ ਲਗਾਤਾਰ ਡਿੱਗਿਆ
ਨਵੰਬਰ ਦੀ ਸ਼ੁਰੂਆਤ ਤੋਂ ਹੀ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਜਿਸ ਕਾਰਨ ਰਾਤਾਂ ਅਤੇ ਸਵੇਰ ਵੇਲੇ ਠੰਢ ਵੱਧ ਰਹੀ ਹੈ। ਮੌਸਮ ਵਿਗਿਆਨੀਆਂ ਅਨੁਸਾਰ, ਇਸ ਕਾਰਨ ਹੀ ਘੱਟੋ-ਘੱਟ ਤਾਪਮਾਨ ਇਸ ਸਮੇਂ ਆਮ ਨਾਲੋਂ 2 ਡਿਗਰੀ ਸੈਲਸੀਅਸ ਘੱਟ ਚੱਲ ਰਿਹਾ ਹੈ।
ਮੌਸਮ ਵਿਗਿਆਨ ਕੇਂਦਰ, ਚੰਡੀਗੜ੍ਹ ਦੇ ਡਾਇਰੈਕਟਰ ਡਾ. ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਹਫ਼ਤੇ (13 ਨਵੰਬਰ ਤੱਕ) ਵੱਧ ਤੋਂ ਵੱਧ ਤਾਪਮਾਨ ਭਾਵੇਂ ਆਮ ਦੇ ਨੇੜੇ ਰਹੇਗਾ (24°C ਤੋਂ 28°C ਦੇ ਵਿਚਕਾਰ), ਪਰ ਰਾਤਾਂ ਬਹੁਤ ਠੰਡੀਆਂ ਹੋਣਗੀਆਂ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਜ਼ਿਲ੍ਹਿਆਂ ਵਿੱਚ ਘੱਟੋ-ਘੱਟ ਤਾਪਮਾਨ 6 ਤੋਂ 8 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
ਠੰਡ ਵਧਾਉਣ ਦਾ ਵੱਡਾ ਕਾਰਨ: ਲਾ ਨੀਨਾ
ਮੌਸਮ ਮਾਹਿਰਾਂ ਅਨੁਸਾਰ, ਇਸ ਸਾਲ ਠੰਡ ਵਧਣ ਦਾ ਸਭ ਤੋਂ ਵੱਡਾ ਕਾਰਨ ਲਾ ਨੀਨਾ ਪ੍ਰਭਾਵ ਹੈ। ਲਾ ਨੀਨਾ ਇੱਕ ਅਜਿਹਾ ਮੌਸਮੀ ਵਰਤਾਰਾ ਹੈ ਜੋ ਮੱਧ ਅਤੇ ਪੂਰਬੀ ਪ੍ਰਸ਼ਾਂਤ ਮਹਾਸਾਗਰ ਵਿੱਚ ਪਾਣੀ ਨੂੰ ਆਮ ਨਾਲੋਂ ਜ਼ਿਆਦਾ ਠੰਡਾ ਕਰ ਦਿੰਦਾ ਹੈ।
ਲਾ ਨੀਨਾ ਕੀ ਹੈ?
ਜਦੋਂ ਸਮੁੰਦਰ ਦਾ ਪਾਣੀ ਠੰਡਾ ਹੁੰਦਾ ਹੈ, ਤਾਂ ਇਹ ਠੰਡੀਆਂ ਹਵਾਵਾਂ ਪੈਦਾ ਕਰਦਾ ਹੈ। ਇਹ ਠੰਡੀਆਂ ਹਵਾਵਾਂ ਵਿਸ਼ੇਸ਼ ਤੌਰ 'ਤੇ ਉੱਤਰੀ ਭਾਰਤ ਵਿੱਚ ਸਰਦੀਆਂ ਦੇ ਤਾਪਮਾਨ ਨੂੰ ਬਹੁਤ ਹੇਠਾਂ ਲੈ ਜਾਂਦੀਆਂ ਹਨ ਅਤੇ ਸੀਤ ਲਹਿਰ ਦੀ ਤੀਬਰਤਾ ਨੂੰ ਵਧਾਉਂਦੀਆਂ ਹਨ।
ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਲਾ ਨੀਨਾ ਦਾ ਅਸਰ ਅਕਤੂਬਰ ਅਤੇ ਦਸੰਬਰ ਦੇ ਵਿਚਕਾਰ ਸਭ ਤੋਂ ਵੱਧ ਦਿਖਾਈ ਦਿੰਦਾ ਹੈ, ਜਿਸ ਨਾਲ ਪਹਾੜੀ ਇਲਾਕਿਆਂ ਵਿੱਚ ਜ਼ਿਆਦਾ ਬਰਫ਼ਬਾਰੀ ਅਤੇ ਮੈਦਾਨੀ ਇਲਾਕਿਆਂ ਵਿੱਚ ਆਮ ਨਾਲੋਂ ਜ਼ਿਆਦਾ ਠੰਢ ਪੈਂਦੀ ਹੈ। ਇਸ ਸਾਲ ਪੱਛਮੀ ਗੜਬੜੀ ਦੇ ਨਾਲ-ਨਾਲ ਲਾ ਨੀਨਾ ਦੀ ਮੌਜੂਦਗੀ ਕਾਰਨ ਦਸੰਬਰ ਵਿੱਚ ਪੰਜਾਬ ਵਿੱਚ ਤੇਜ਼ ਠੰਡ ਅਤੇ ਸੀਤ ਲਹਿਰ ਦਾ ਅਨੁਭਵ ਹੋਣ ਦੀ ਉਮੀਦ ਹੈ।
Get all latest content delivered to your email a few times a month.