ਤਾਜਾ ਖਬਰਾਂ
ਚੰਡੀਗੜ੍ਹ, 8 ਨਵੰਬਰ-
ਆਮ ਆਦਮੀ ਪਾਰਟੀ (ਆਪ) ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਦਾ ਬਰਨਾਲਾ ਵਿਖੇ ਸਟਾਪੇਜ ਨਾ ਰੱਖਣ 'ਤੇ ਗਹਿਰੀ ਨਰਾਜਗੀ ਪ੍ਰਗਟਾਈ ਅਤੇ ਕੇਂਦਰ ਸਰਕਾਰ ਤੇ ਰੇਲਵੇ ਮੰਤਰਾਲੇ 'ਤੇ ਹਲਕੇ ਦੇ ਲੋਕਾਂ ਨਾਲ ਮਤਰੇਈ ਮਾਂ ਵਾਲਾ ਵਿਵਹਾਰ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ ਕਿ ਕੇਂਦਰੀ ਰੇਲ ਮੰਤਰੀ ਵੱਲੋਂ ਭਰੋਸਾ ਦੇਣ ਦੇ ਬਾਵਜੂਦ ਟ੍ਰੇਨ ਦਾ ਬਰਨਾਲਾ ਨਾ ਰੁਕਣਾ ਹਲਕਾ ਵਾਸੀਆਂ ਨਾਲ ਵੱਡਾ ਧੋਖਾ ਹੈ।
ਮੀਤ ਹੇਅਰ ਨੇ ਕਿਹਾ ਕਿ ਬਰਨਾਲਾ ਰੇਲਵੇ ਸਟੇਸ਼ਨ ਸਿਰਫ਼ ਸ਼ਹਿਰ ਵਾਸੀਆਂ ਲਈ ਹੀ ਨਹੀਂ, ਸਗੋਂ ਮੋਗਾ, ਨਿਹਾਲ ਸਿੰਘ ਵਾਲਾ, ਰਾਏਕੋਟ, ਮਾਨਸਾ ਅਤੇ ਬਠਿੰਡਾ ਦੇ ਰਾਮਪੁਰਾ ਫੂਲ ਤੱਕ ਦੇ ਲੋਕਾਂ ਲਈ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਇਲਾਕਿਆਂ ਦੇ ਲੋਕ ਬਰਨਾਲਾ ਤੋਂ ਹੀ ਟ੍ਰੇਨ ਫੜਦੇ ਹਨ, ਇਸ ਲਈ ਇੱਥੇ ਸਟਾਪੇਜ ਨਾ ਹੋਣਾ ਉਨ੍ਹਾਂ ਸਾਰਿਆਂ ਨਾਲ ਵਿਸ਼ਵਾਸਘਾਤ ਹੈ।
ਸੰਸਦ ਮੈਂਬਰ ਨੇ ਰੇਲਵੇ ਵਿਭਾਗ ਨੂੰ 1 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਤਰੀਕ ਤੱਕ ਬਰਨਾਲਾ ਵਿਖੇ ਵੰਦੇ ਭਾਰਤ ਦਾ ਸਟਾਪੇਜ ਸ਼ੁਰੂ ਨਾ ਹੋਇਆ ਤਾਂ ਉਹ ਬਰਨਾਲਾ ਵਾਸੀਆਂ ਨੂੰ ਨਾਲ ਲੈ ਕੇ ਰੇਲਵੇ ਸਟੇਸ਼ਨ 'ਤੇ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਮੀਤ ਹੇਅਰ ਨੇ ਐਲਾਨ ਕੀਤਾ ਕਿ ਉਹ ਇਸ ਮਸਲੇ ਨੂੰ ਆਉਣ ਵਾਲੇ ਸੰਸਦ ਦੇ ਸਰਦ ਰੁੱਤ ਇਜਲਾਸ ਵਿੱਚ ਜ਼ੋਰ-ਸ਼ੋਰ ਨਾਲ ਚੁੱਕਣਗੇ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ 'ਤੇ ਕੰਮ ਰੋਕੂ ਮਤਾ ਲਿਆਉਣਗੇ ਅਤੇ ਜ਼ੀਰੋ ਆਵਰ ਦੌਰਾਨ ਵੀ ਆਪਣੀ ਆਵਾਜ਼ ਬੁਲੰਦ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਰ ਕੀਮਤ 'ਤੇ ਵੰਦੇ ਭਾਰਤ ਟ੍ਰੇਨ ਦਾ ਬਰਨਾਲਾ ਵਿਖੇ ਸਟਾਪੇਜ ਯਕੀਨੀ ਬਣਾ ਕੇ ਹੀ ਦਮ ਲੈਣਗੇ।
Get all latest content delivered to your email a few times a month.