ਤਾਜਾ ਖਬਰਾਂ
ਬਾਊਪੁਰ ਮੰਡ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਦਿਆਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਕਿ ਹੜ੍ਹ ਦੇ ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਕਿਸਾਨ ਅਜੇ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਕਣਕ ਦੀ ਬੀਜਾਈ ਦੇ ਸਮੇਂ ਵਿੱਚ ਖਾਦ, ਬੀਜ ਅਤੇ ਡੀਜ਼ਲ ਦੀ ਸਖ਼ਤ ਲੋੜ ਹੈ। ਸੰਤ ਸੀਚੇਵਾਲ ਨੇ ਖੁਦ ਵੀ ਕਿਸਾਨਾਂ ਨਾਲ ਮਿਲ ਕੇ ਟ੍ਰੈਕਟਰ ਚਲਾ ਕੇ ਖੇਤ ਪੱਧਰ ਕਰਨ ਦੀ ਸੇਵਾ ਵਿੱਚ ਹਿੱਸਾ ਲਿਆ। ਉਹਨਾਂ ਕਿਹਾ ਕਿ ਹੜ੍ਹ ਦੌਰਾਨ ਟੁੱਟੇ ਬੰਨ੍ਹ ਦੀ ਮਰੰਮਤ ਅਤੇ ਆਰਜ਼ੀ ਬੰਨ੍ਹ ਨੂੰ ਉੱਚਾ ਤੇ ਮਜ਼ਬੂਤ ਬਣਾਉਣ ਦਾ ਕੰਮ ਜਾਰੀ ਹੈ।
ਯਾਦ ਰਹੇ ਕਿ ਭੈਣੀ ਕਾਦਰ ਬਖ਼ਸ਼ ਨੇੜੇ 10 ਤੇ 11 ਅਗਸਤ ਦੀ ਰਾਤ ਨੂੰ ਬੰਨ੍ਹ ਟੁੱਟਣ ਕਾਰਨ ਇਸ ਖੇਤਰ ਵਿੱਚ ਭਾਰੀ ਤਬਾਹੀ ਹੋਈ ਸੀ। ਲਗਭਗ 3500 ਏਕੜ ਫਸਲ ਪਾਣੀ ਹੇਠ ਆ ਗਈ ਸੀ ਅਤੇ ਕਿਸਾਨਾਂ ਦੀਆਂ ਜ਼ਮੀਨਾਂ 'ਚ 4 ਤੋਂ 5 ਫੁੱਟ ਤੱਕ ਰੇਤਾ ਚੜ੍ਹ ਗਈ ਸੀ। ਹੜ੍ਹ ਤੋਂ ਬਾਅਦ ਖੇਤਾਂ ਨੂੰ ਦੁਬਾਰਾ ਬੀਜਣ ਜੋਗਾ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ ਵੱਲੋਂ ਵੀ ਮੱਦਦ ਕੀਤੀ ਗਈ। ਕੁਝ ਕਿਸਾਨ ਸਿਰਸਾ ਤੋਂ ਟ੍ਰੈਕਟਰ-ਟਰਾਲੀਆਂ ਸਮੇਤ ਇੱਥੇ ਪਹੁੰਚੇ ਸਨ।
ਹਾਲਾਤਾਂ ਨੂੰ ਦੇਖਦਿਆਂ ਕਿਸਾਨਾਂ ਨੇ ਪਰਵਾਸੀ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਖਾਦ, ਬੀਜ ਤੇ ਡੀਜ਼ਲ ਮੁਹੱਈਆ ਕਰਵਾਉਣ ਲਈ ਮਦਦ ਦਾ ਹੱਥ ਵਧਾਉਣ। ਉਹਨਾਂ ਕਿਹਾ ਕਿ ਜੇਕਰ ਇਕ ਫਸਲ ਲਈ ਉਨ੍ਹਾਂ ਨੂੰ ਸਹਾਇਤਾ ਮਿਲ ਜਾਵੇ ਤਾਂ ਉਹ ਮੁੜ ਆਪਣੇ ਪੈਰਾਂ 'ਤੇ ਖੜ੍ਹੇ ਹੋ ਸਕਦੇ ਹਨ। ਸੰਤ ਸੀਚੇਵਾਲ ਨੇ ਵੀ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਸਮੂਹਿਕ ਯਤਨਾਂ ਨਾਲ ਹੀ ਹੜ੍ਹ ਦੀ ਮਾਰ ਸਹੇ ਕਿਸਾਨਾਂ ਦਾ ਜੀਵਨ ਦੁਬਾਰਾ ਪੱਟੜ 'ਤੇ ਆ ਸਕਦਾ ਹੈ।
Get all latest content delivered to your email a few times a month.