ਤਾਜਾ ਖਬਰਾਂ
ਜ਼ੀਰਾ ਦੀ ਸ਼ਰਾਬ ਫੈਕਟਰੀ ਵਿਰੁੱਧ ਲੰਬੇ ਸਮੇਂ ਤੋਂ ਚੱਲ ਰਹੇ ਸਾਂਝੇ ਮੋਰਚੇ ਨੂੰ ਆਖ਼ਿਰਕਾਰ ਵੱਡੀ ਕਾਮਯਾਬੀ ਮਿਲੀ ਹੈ। ਪੰਜਾਬ ਸਰਕਾਰ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਅੱਗੇ ਇਹ ਸਵੀਕਾਰਿਆ ਹੈ ਕਿ ਮਾਲਬਰੋਸ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ, ਜੋ ਜ਼ੀਰਾ ’ਚ ਚੱਲ ਰਹੀ ਡਿਸਟਿਲਰੀ ਅਤੇ ਈਥਾਨੌਲ ਯੂਨਿਟ ਹੈ, ਸਥਾਨਕ ਵਾਤਾਵਰਣ ਨੂੰ ਪ੍ਰਦੂਸ਼ਿਤ ਕਰ ਰਹੀ ਹੈ ਅਤੇ ਇਸਨੂੰ ਸਥਾਈ ਤੌਰ ’ਤੇ ਬੰਦ ਕੀਤਾ ਜਾਣਾ ਚਾਹੀਦਾ ਹੈ।
ਇਹ ਕਬੂਲੀ ਬਿਆਨ ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਦੇ ਵਿਸ਼ੇਸ਼ ਸਕੱਤਰ ਮਨੀਸ਼ ਕੁਮਾਰ ਵੱਲੋਂ 2 ਨਵੰਬਰ 2025 ਨੂੰ ਜਮ੍ਹਾ ਕਰਵਾਏ ਗਏ ਹਲਫ਼ਨਾਮੇ ਵਿਚ ਦਰਜ ਹੈ। ਇਸ ਹਲਫ਼ਨਾਮੇ ਵਿੱਚ ਰਾਜ ਸਰਕਾਰ ਨੇ ਫੈਕਟਰੀ ਵੱਲੋਂ ਕੀਤੀਆਂ ਗਈਆਂ ਵਾਤਾਵਰਣੀ ਉਲੰਘਣਾਵਾਂ ਦਾ ਵਿਸਥਾਰ ਨਾਲ ਜ਼ਿਕਰ ਕੀਤਾ ਹੈ।
ਇਹ ਦਸਤਾਵੇਜ਼ 9 ਸਤੰਬਰ 2025 ਨੂੰ ਐਨਜੀਟੀ ਵੱਲੋਂ ਦਿੱਤੇ ਗਏ ਹੁਕਮ ਦੇ ਅਧਾਰ 'ਤੇ ਪੇਸ਼ ਕੀਤਾ ਗਿਆ ਸੀ। ਹਲਫ਼ਨਾਮੇ ਵਿੱਚ ਕਈ ਅਜਿਹੇ ਤੱਥ ਸਾਹਮਣੇ ਆਏ ਹਨ ਜੋ ਸਾਂਝਾ ਮੋਰਚੇ ਅਤੇ ਜਨਤਕ ਕਾਰਵਾਈ ਕਮੇਟੀ (PAC) ਵੱਲੋਂ ਲੰਬੇ ਸਮੇਂ ਤੋਂ ਉਠਾਈਆਂ ਜਾ ਰਹੀਆਂ ਚਿੰਤਾਵਾਂ ਦੀ ਪੁਸ਼ਟੀ ਕਰਦੇ ਹਨ।
ਦੂਜੇ ਪਾਸੇ, ਪ੍ਰੋਜੈਕਟ ਦੇ ਸਮਰਥਕਾਂ ਨੇ ਪਿਛਲੀ ਸੁਣਵਾਈ ਦੌਰਾਨ ਇਸਨੂੰ ਮੁੜ ਚਾਲੂ ਕਰਨ ਦੀ ਅਰਜ਼ੀ ਦਿੱਤੀ ਸੀ, ਜਿਸਨੂੰ ਐਨਜੀਟੀ ਵੱਲੋਂ ਰੱਦ ਕਰ ਦਿੱਤਾ ਗਿਆ। ਸਾਂਝਾ ਮੋਰਚਾ ਨੇ ਇਸ ਫੈਸਲੇ ਦਾ ਖੁੱਲ੍ਹੇ ਦਿਲ ਨਾਲ ਸਵਾਗਤ ਕਰਦਿਆਂ ਕਿਹਾ ਕਿ ਇਹ ਸੰਗਰਾਮ ਦੀ ਲੰਬੀ ਲੜਾਈ ਦੀ ਜਿੱਤ ਹੈ ਅਤੇ ਸਥਾਨਕ ਲੋਕਾਂ ਦੀ ਆਵਾਜ਼ ਦੀ ਕਦਰ ਹੋਈ ਹੈ।
Get all latest content delivered to your email a few times a month.