ਤਾਜਾ ਖਬਰਾਂ
ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ, ਆਈ.ਪੀ.ਐਸ., ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੋਹਾਲੀ ਪੁਲਿਸ ਵਲੋਂ ਮਾੜੇ ਅਨਸਰਾਂ ਅਤੇ ਅਪਰਾਧੀਆਂ ਖ਼ਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਮ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਇਸ ਮੁਹਿੰਮ ਅਧੀਨ ਪੁਲਿਸ ਨੇ ਭਗੌੜਿਆਂ (Proclaimed Offenders) ਦੀ ਗ੍ਰਿਫ਼ਤਾਰੀ ਨੂੰ ਲੈ ਕੇ ਤੀਵਰ ਕਾਰਵਾਈਆਂ ਕੀਤੀਆਂ ਹੋਈਆਂ ਹਨ।
ਐਸ.ਐਸ.ਪੀ. ਮੋਹਾਲੀ ਵਲੋਂ ਵਿਸ਼ੇਸ਼ ਪੀ.ਓ. ਸਟਾਫ਼ ਗਠਿਤ ਕਰਕੇ ਉਨ੍ਹਾਂ ਨੂੰ ਖਾਸ ਟਾਸਕ ਸੌਂਪੇ ਗਏ ਸਨ, ਤਾਂ ਜੋ ਅਪਰਾਧੀਆਂ ਨੂੰ ਕਾਨੂੰਨੀ ਕਾਰਵਾਈ ਦੇ ਕਟਹਿਰੇ ਤੱਕ ਲਿਆਂਦਾ ਜਾ ਸਕੇ। ਇਨ੍ਹਾਂ ਯਤਨਾਂ ਦੇ ਤਹਿਤ ਸੌਰਭ ਜਿੰਦਲ, ਪੀ.ਪੀ.ਐਸ. (ਕਪਤਾਨ ਪੁਲਿਸ-ਜਾਂਚ) ਅਤੇ ਨਵੀਨਪਾਲ ਸਿੰਘ ਲਹਿਲ, ਪੀ.ਪੀ.ਐਸ. (ਉਪ ਕਪਤਾਨ-ਸਪੈਸ਼ਲ ਕ੍ਰਾਈਮ) ਦੀ ਰਹਿਨੁਮਾਈ ਹੇਠ ਇੰਚਾਰਜ ਪੀ.ਓ. ਸਟਾਫ਼ ਐਸ.ਆਈ. ਬਲਵਿੰਦਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮਿਤੀ 06 ਨਵੰਬਰ 2025 ਨੂੰ ਮਹੱਤਵਪੂਰਨ ਕਾਰਵਾਈ ਕਰਦਿਆਂ ਭਗੌੜੇ ਗੌਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿੰਡ ਪਿੱਪਾਲਾ, ਜ਼ਿਲ੍ਹਾ ਬੁਲੰਦਸ਼ਹਿਰ (ਯੂ.ਪੀ.), ਜੋ ਕਿ ਕਾਫ਼ੀ ਸਮੇਂ ਤੋਂ ਨੋਇਡਾ (ਯੂ.ਪੀ.) ਵਿੱਚ ਛੁਪਿਆ ਹੋਇਆ ਸੀ, ਨੂੰ ਗ੍ਰਿਫ਼ਤਾਰ ਕਰ ਲਿਆ।
ਇਹੀ ਗੌਰਵ ਕੁਮਾਰ ਮੁਕੱਦਮਾ ਨੰਬਰ 150 ਮਿਤੀ 23.09.2017, ਧਾਰਾ 302, 411, 449, 465, 468, 471, 201 ਆਈ.ਪੀ.ਸੀ. ਤਹਿਤ ਥਾਣਾ ਮਟੋਰ, ਮੋਹਾਲੀ ਵਿੱਚ ਦਰਜ ਮਾਮਲੇ ਵਿੱਚ ਦੋਸ਼ੀ ਹੈ। ਜਾਂਚ ਦੌਰਾਨ ਇਹ ਸਾਬਤ ਹੋਇਆ ਸੀ ਕਿ ਇਸ ਨੇ ਪੱਤਰਕਾਰ ਕਰਨਜੀਤ ਸਿੰਘ ਉਰਫ਼ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦਾ 22-23 ਸਤੰਬਰ 2017 ਦੀ ਦਰਮਿਆਨੀ ਰਾਤ ਨੂੰ ਘਰ ਅੰਦਰ ਦਾਖਲ ਹੋ ਕੇ ਬੇਰਹਿਮੀ ਨਾਲ ਕਤਲ ਕੀਤਾ ਸੀ। ਸਾਲ 2022 ਵਿੱਚ ਅਦਾਲਤ ਵਲੋਂ ਇਸ ਨੂੰ ਭਗੌੜਾ ਘੋਸ਼ਿਤ ਕੀਤਾ ਗਿਆ ਸੀ।
ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਭਗੌੜਿਆਂ ਅਤੇ ਅਪਰਾਧੀਆਂ ਦੀ ਗ੍ਰਿਫ਼ਤਾਰੀ ਲਈ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਾਨੂੰਨ ਦੀ ਉਲੰਘਣਾ ਕਰਨ ਵਾਲੇ ਹਰ ਵਿਅਕਤੀ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ, ਤਾਂ ਜੋ ਜ਼ਿਲ੍ਹੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।
Get all latest content delivered to your email a few times a month.