ਤਾਜਾ ਖਬਰਾਂ
ਭਵਾਨੀਗੜ੍ਹ ਦੇ ਨੇੜਲੇ ਪਿੰਡ ਚੰਨੋਂ ਵਿਖੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਬਾਰਹਵੀਂ ਜਮਾਤ ਵਿੱਚ ਪੜ੍ਹਦੇ ਨੌਜਵਾਨ ਵਿਦਿਆਰਥੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸਿਮਰਨ ਸਿੰਘ (ਪੁੱਤਰ ਕਰਮਜੀਤ ਸਿੰਘ), ਪਿੰਡ ਲਲੋਛੀ (ਸਮਾਣਾ) ਨਿਵਾਸੀ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ, ਸਿਮਰਨ ਸਿੰਘ ਸਟੀਲਮੈਨਜ ਪਬਲਿਕ ਸਕੂਲ, ਚੰਨੋਂ 'ਚ ਪੜ੍ਹਦਾ ਸੀ। ਅੱਜ ਦੁਪਹਿਰ ਸਕੂਲ ਛੁੱਟੀ ਤੋਂ ਬਾਅਦ ਜਦੋਂ ਉਹ ਆਪਣੇ ਮੋਟਰਸਾਈਕਲ 'ਤੇ ਘਰ ਵੱਲ ਜਾ ਰਿਹਾ ਸੀ, ਤਾਂ ਚੰਨੋਂ ਤੋਂ ਲਲੋਛੀ ਨੂੰ ਜਾਣ ਵਾਲੀ ਸੜਕ 'ਤੇ ਪਿੱਛੋਂ ਆਏ ਕਿਸੇ ਤੇਜ਼ ਰਫ਼ਤਾਰ ਅਣਪਛਾਤੇ ਵਾਹਨ ਨੇ ਉਸਦੀ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ। ਟੱਕਰ ਇਨੀ ਭਿਆਨਕ ਸੀ ਕਿ ਸਿਮਰਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ।
ਮੌਕੇ 'ਤੇ ਮੌਜੂਦ ਲੋਕਾਂ ਵੱਲੋਂ ਉਸਨੂੰ ਤੁਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਚੌਂਕੀ ਕਾਲਾਝਾੜ ਦੇ ਇੰਚਾਰਜ ਸਹਾਇਕ ਸਬ-ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਾਹਨ ਚਾਲਕ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਹਾਦਸੇ ਵਾਲੇ ਖੇਤਰ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਵਾਹਨ ਅਤੇ ਉਸਦੇ ਚਾਲਕ ਦੀ ਪਛਾਣ ਕੀਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
Get all latest content delivered to your email a few times a month.