ਤਾਜਾ ਖਬਰਾਂ
ਚੰਡੀਗੜ੍ਹ, 7 ਨਵੰਬਰ:
ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸਦੀਵੀਂ ਵਿਰਾਸਤ, ਸਿੱਖਿਆਵਾਂ ਅਤੇ ਮਹਾਨ ਕੁਰਬਾਨੀ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਵੱਲੋਂ ਨੌਵੇਂ ਪਾਤਿਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਿੰਨ ਦਿਨਾਂ ਸੈਮੀਨਾਰ ਲੜੀ ਕਰਵਾਈ ਗਈ। ਇਹ ਸੈਮੀਨਾਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨਾਲ ਸਬੰਧਤ ਅਸਥਾਨਾਂ ਵਿਖੇ 3 ਤੋਂ 7 ਨਵੰਬਰ ਤੱਕ ਕਰਵਾਏ ਗਏ।
ਸਿੱਖਿਆ ਬੋਰਡ ਦੀ ਪਹਿਲਕਦਮੀ ਬਾਰੇ ਵਿਸਥਾਰ ਵਿੱਚ ਦੱਸਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਸ ਸੈਮੀਨਾਰ ਲੜੀ ਦਾ ਰੂਟ ਚੰਗੀ ਤਰ੍ਹਾਂ ਸੋਚ-ਵਿਚਾਰ ਤੋਂ ਬਾਅਦ ਉਸ ਇਤਿਹਾਸਕ ਮਾਰਗ ਨੂੰ ਚੁਣਿਆ ਗਿਆ ਸੀ, ਜਿੱਥੋਂ ਚੱਲ ਕੇ ਭਾਈ ਜੈਤਾ ਜੀ (ਬਾਬਾ ਜੀਵਨ ਸਿੰਘ ਜੀ) ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦਾ ਪਵਿੱਤਰ ਸੀਸ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਸਨ, ਜਿਸ ਨਾਲ ਵਿਦਿਆਰਥੀਆਂ ਨੂੰ ਸਿੱਖਣ ਦਾ ਇੱਕ ਵੱਖਰਾ ਅਤੇ ਪ੍ਰਭਾਵਸ਼ਾਲੀ ਅਨੁਭਵ ਮਿਲਿਆ।
ਉਨ੍ਹਾਂ ਦੱਸਿਆ ਕਿ ਇਹ ਤਿੰਨ ਦਿਨਾਂ ਸੈਮੀਨਾਰ ਲੜੀ 3 ਨਵੰਬਰ ਨੂੰ ਸੀਨੀਅਰ ਸੈਕੰਡਰੀ ਸਕੂਲ, ਦਿਆਲਪੁਰ ਸੋਢੀਆਂ (ਸੀਸ ਅਸਥਾਨ, ਨਾਭਾ ਸਾਹਿਬ) ਤੋਂ ਸ਼ੁਰੂ ਹੋਈ। 6 ਨਵੰਬਰ ਨੂੰ ਸਕੂਲ ਆਫ਼ ਐਮੀਨੈਂਸ, ਕੀਰਤਪੁਰ ਸਾਹਿਬ ਵਿਖੇ ਸੈਮੀਨਾਰ ਤੋਂ ਬਾਅਦ 7 ਨਵੰਬਰ ਨੂੰ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਈ।
ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ 2,600 ਤੋਂ ਵੱਧ ਵਿਦਿਆਰਥੀਆਂ ਨੇ ਇਨ੍ਹਾਂ ਸੈਮੀਨਾਰਾਂ ਵਿੱਚ ਹਿੱਸਾ ਲੈਂਦਿਆਂ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ ਕਾਲ, ਸਿੱਖਿਆਵਾਂ, ਬੇਮਿਸਾਲ ਸ਼ਹਾਦਤ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਨ੍ਹਾਂ ਸੈਮੀਨਾਰਾਂ ਦੌਰਾਨ ਨੌਵੇਂ ਪਾਤਸ਼ਾਹ ਵੱਲੋਂ ਧਰਮ (ਹੱਕ ਅਤੇ ਸੱਚ) ਦੀ ਰਾਖੀ ਲਈ ਦਿੱਤੇ ਗਏ ਸਰਬਉੱਚ ਬਲੀਦਾਨ ਅਤੇ ਅਥਾਹ ਹੌਂਸਲੇ ਤੇ ਹਿੰਮਤ ਦੀਆਂ ਬੀਰ-ਗਾਥਾਵਾਂ 'ਤੇ ਚਾਨਣਾ ਪਾਇਆ ਗਿਆ, ਜਿਸ ਨਾਲ ਨੌਜਵਾਨਾਂ ਨੂੰ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਦਾ ਜੀਵੰਤ ਅਹਿਸਾਸ ਮਿਲਿਆ।
ਸਿੱਖਿਆ ਮੰਤਰੀ ਸ. ਬੈਂਸ ਨੇ ਬੋਰਡ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜਿੱਥੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸਿੱਖਿਆ ਹੈ, ਉੱਥੇ ਹੀ ਮਨੁੱਖਤਾ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਬੱਚਿਆਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਮਝਦੇ ਅਤੇ ਅਪਣਾਉਂਦੇ ਦੇਖਣਾ ਬਹੁਤ ਮਾਣ ਵਾਲੀ ਗੱਲ ਹੈ ਅਤੇ ਕਿਹਾ ਕਿ ਇਹ ਸਿਰਫ਼ ਇੱਕ ਸੈਮੀਨਾਰ ਨਹੀਂ ਸੀ; ਬਲਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਰਾਹੀਂ ਨੌਜਵਾਨਾਂ ਨੂੰ ਸਾਡੇ ਗੌਰਵਮਈ ਇਤਿਹਾਸ ਨਾਲ ਜੋੜਨ ਦਾ ਨਿਮਾਣਾ ਯਤਨ ਸੀ।
ਪੀ.ਐਸ.ਈ.ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਸ ਪਹਿਲਕਦਮੀ ਦਾ ਉਦੇਸ਼ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਨਾਉਣ ਅਤੇ ਉਨ੍ਹਾਂ ਵੱਲੋਂ ਦਿਖਾਏ ਮਾਰਗ ‘ਤੇ ਚੱਲਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਉਦੋਂ ਪੂਰਾ ਹੁੰਦਾ ਹੈ, ਜਦੋਂ ਨੌਜਵਾਨ ਮਹਾਨ ਫ਼ਲਸਫ਼ੇ ਤੋਂ ਪ੍ਰੇਰਨਾ ਲੈ ਕੇ ਹਿੰਮਤ ਨਾਲ ਸਚਾਈ ਦੇ ਰਾਹ ‘ਤੇ ਚੱਲਣ ਦਾ ਸਬਕ ਲੈਣ। ਉਨ੍ਹਾਂ ਕਿਹਾ ਅਸੀਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸੱਭਿਅਕ ਸਮਾਜ ਦੇ ਇਮਾਨਦਾਰ ਨਾਗਰਿਕਾਂ ਬਣਨ ਲਈ ਸੇਧ ਦੇ ਰਹੇ ਹਾਂ।
Get all latest content delivered to your email a few times a month.