ਤਾਜਾ ਖਬਰਾਂ
ਭਾਰਤ ਲਈ ਮਹਿਲਾ ਕ੍ਰਿਕਟ ਦਾ ਪਹਿਲਾ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੀ ਤਿੰਨ ਸ਼ਾਨਦਾਰ ਪੰਜਾਬਣਾਂ-ਕਪਤਾਨ ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ-ਵਿੱਚੋਂ ਦੋ ਖਿਡਾਰਨਾਵਾਂ ਦਾ ਅੱਜ ਮੋਹਾਲੀ ਦੇ ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਪੰਜਾਬ ਸਰਕਾਰ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ, ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਅਤੇ ਜ਼ਿਲ੍ਹਾ ਯੋਜਨਾ ਬੋਰਡ ਦੀ ਚੇਅਰਪਰਸਨ ਪ੍ਰਭਜੋਤ ਕੌਰ ਦੀ ਅਗਵਾਈ ਹੇਠ ਖਿਡਾਰਨਾਵਾਂ ਦਾ ਸ਼ਾਹਾਨਾ ਸਵਾਗਤ ਕੀਤਾ ਗਿਆ। ਢੋਲ, ਫੁੱਲਾਂ ਦੇ ਹਾਰਾਂ ਤੇ ਨਾਚ-ਗਾਣਿਆਂ ਨਾਲ ਹਵਾਈ ਅੱਡੇ ਦਾ ਮਾਹੌਲ ਜਸ਼ਨ ਵਿੱਚ ਬਦਲ ਗਿਆ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੀ ਵੀਡੀਓ ਕਾਲ ਰਾਹੀਂ ਤਿੰਨੇ ਪੰਜਾਬੀ ਧੀਆਂ ਨੂੰ ਜਿੱਤ ਲਈ ਵਧਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਜਦ ਕਪਤਾਨ ਹਰਮਨਪ੍ਰੀਤ ਕੌਰ ਪੰਜਾਬ ਪਰਤੇਗੀ, ਤਦ ਤਿੰਨਾਂ ਖਿਡਾਰਨਾਵਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ।
ਵਿੱਤ ਮੰਤਰੀ ਚੀਮਾ ਅਤੇ ਮੀਤ ਹੇਅਰ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਵੀਂ ਖੇਡ ਨੀਤੀ ਅਧੀਨ ਖਿਡਾਰੀਆਂ ਨੂੰ ਨਗਦ ਇਨਾਮ ਅਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਨਾਲ ਪੰਜਾਬ ਖੇਡਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਮੀਤ ਹੇਅਰ ਨੇ ਕਿਹਾ ਕਿ ਇਹ ਜਿੱਤ ਮਹਿਲਾ ਕ੍ਰਿਕਟ ਵਿੱਚ ਇੱਕ ਨਵੀਂ ਕ੍ਰਾਂਤੀ ਲਿਆਵੇਗੀ ਅਤੇ ਛੋਟੇ ਸ਼ਹਿਰਾਂ ਤੋਂ ਨਵੇਂ ਕ੍ਰਿਕਟਰ ਉਭਰ ਰਹੇ ਹਨ - ਜਿਵੇਂ ਸ਼ੁਭਮਨ ਗਿੱਲ, ਅਰਸ਼ਦੀਪ ਸਿੰਘ, ਹਰਮਨਪ੍ਰੀਤ ਕੌਰ, ਹਰਲੀਨ ਦਿਓਲ ਅਤੇ ਅਮਨਜੋਤ ਕੌਰ।
ਖਿਡਾਰਨਾਵਾਂ ਹਰਲੀਨ ਦਿਓਲ ਅਤੇ ਅਮਨਜੋਤ ਕੌਰ ਨੇ ਪੰਜਾਬ ਸਰਕਾਰ ਅਤੇ ਖਾਸ ਤੌਰ ‘ਤੇ ਮੁੱਖ ਮੰਤਰੀ ਮਾਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੰਦਾ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਆਪਣੀਆਂ ਧੀਆਂ ਨੂੰ ਖੇਡਾਂ ਵਿੱਚ ਅੱਗੇ ਵੱਧਣ ਲਈ ਉਤਸ਼ਾਹਿਤ ਕਰਨ।
ਸਮਾਰੋਹ ਵਿੱਚ ਖਿਡਾਰਨਾਵਾਂ ਦੇ ਪਰਿਵਾਰਕ ਮੈਂਬਰ, ਕੋਚਾਂ ਅਤੇ ਕ੍ਰਿਕਟ ਪ੍ਰੇਮੀਆਂ ਦੀ ਵੱਡੀ ਗਿਣਤੀ ਮੌਜੂਦ ਸੀ। ਅਮਨਜੋਤ ਦੇ ਪਿਤਾ ਭੁਪਿੰਦਰ ਸਿੰਘ, ਦਾਦਾ ਈਸ਼ਰ ਸਿੰਘ, ਭੈਣ ਕਮਲਜੋਤ, ਅਤੇ ਕੋਚ ਨਗੇਸ਼ ਗੁਪਤਾ, ਜਦਕਿ ਹਰਲੀਨ ਦੇ ਮਾਪੇ ਬੀ.ਐਸ. ਦਿਓਲ, ਚਰਨਜੀਤ ਕੌਰ ਅਤੇ ਭਰਾ ਮਨਜੋਤ ਸਿੰਘ ਵੀ ਸ਼ਾਮਲ ਹੋਏ।
ਸਵਾਗਤ ਦੌਰਾਨ ਡਿਪਟੀ ਕਮਿਸ਼ਨਰ ਕੋਮਲ ਮਿੱਤਲ, ਜੀਵਨਜੋਤ ਸਿੰਘ ਤੇਜਾ (ਦਰੋਣਾਚਾਰਿਆ ਐਵਾਰਡੀ), ਜ਼ਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ।
Get all latest content delivered to your email a few times a month.