ਤਾਜਾ ਖਬਰਾਂ
ਭਾਰਤੀ ਮਹਿਲਾ ਕ੍ਰਿਕਟ ਟੀਮ, ਜਿਸ ਨੇ ਹਾਲ ਹੀ ਵਿੱਚ ਵਿਸ਼ਵ ਕੱਪ ਜਿੱਤ ਕੇ ਇਤਿਹਾਸ ਰਚਿਆ ਹੈ, ਉਸ ਦੀਆਂ ਦੋ ਮਹੱਤਵਪੂਰਨ ਖਿਡਾਰਨਾਂ ਅਮਨਜੋਤ ਕੌਰ ਅਤੇ ਹਰਲੀਨ ਦਿਓਲ ਅੱਜ ਚੰਡੀਗੜ੍ਹ ਪਹੁੰਚੀਆਂ। ਪੰਜਾਬ ਸਰਕਾਰ ਵੱਲੋਂ ਇਨ੍ਹਾਂ 'ਸ਼ੇਰਨੀਆਂ' ਦੇ ਸਵਾਗਤ ਲਈ ਚੰਡੀਗੜ੍ਹ ਏਅਰਪੋਰਟ 'ਤੇ ਸ਼ਾਨਦਾਰ ਪ੍ਰਬੰਧ ਕੀਤੇ ਗਏ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਖੁਦ ਖਿਡਾਰਨਾਂ ਨੂੰ ਜੀ ਆਇਆਂ ਕਹਿਣ ਲਈ ਪਹੁੰਚੇ। ਪ੍ਰਸ਼ੰਸਕਾਂ ਦੀ ਭਾਰੀ ਭੀੜ ਨੇ ਫੁੱਲਾਂ ਦੇ ਹਾਰਾਂ ਅਤੇ ਗੁਲਦਸਤਿਆਂ ਨਾਲ ਦੋਵਾਂ ਖਿਡਾਰਨਾਂ ਦਾ ਨਿੱਘਾ ਸਵਾਗਤ ਕੀਤਾ। ਏਅਰਪੋਰਟ 'ਤੇ ਸਵਾਗਤ ਤੋਂ ਬਾਅਦ, ਦੋਵੇਂ ਖਿਡਾਰਨਾਂ ਗੱਡੀਆਂ ਦੇ ਕਾਫ਼ਲੇ ਵਿੱਚ ਸ਼ਹਿਰ ਵਿੱਚ ਵਿਕਟਰੀ ਪਰੇਡ ਲਈ ਰਵਾਨਾ ਹੋ ਗਈਆਂ।
ਜੇਤੂ ਖਿਡਾਰਨਾਂ ਦੇ ਬੋਲ
ਅਮਨਜੋਤ ਕੌਰ ਨੇ ਇਸ ਮਾਨ-ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਕਿਸੇ ਇੱਕ ਦੀ ਨਹੀਂ, ਸਗੋਂ ਪੂਰੇ ਭਾਰਤ ਅਤੇ ਪੰਜਾਬ ਦੀ ਸਾਂਝੀ ਜਿੱਤ ਹੈ। ਉਨ੍ਹਾਂ ਕਿਹਾ ਕਿ ਸੈਮੀਫਾਈਨਲ ਜਿੱਤਣ ਤੋਂ ਬਾਅਦ ਟੀਮ ਵਿੱਚ ਜੋ ਉਤਸ਼ਾਹ ਬਣਿਆ, ਉਸੇ ਸਦਕਾ ਅਸੀਂ ਵਿਸ਼ਵ ਕੱਪ ਜਿੱਤਣ ਵਿੱਚ ਕਾਮਯਾਬ ਰਹੇ। ਅਮਨਜੋਤ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਮਾਤਾ-ਪਿਤਾ ਅਤੇ ਕੋਚ ਨੂੰ ਦਿੱਤਾ।
ਹਰਲੀਨ ਦਿਓਲ ਨੇ ਕਿਹਾ ਕਿ ਇਹ ਪਲ ਬਹੁਤ ਮਹਾਨ ਹੈ, ਕਿਉਂਕਿ ਭਾਰਤੀ ਮਹਿਲਾ ਟੀਮ ਨੇ ਸੱਚਮੁੱਚ ਇਤਿਹਾਸ ਰਚਿਆ ਹੈ। ਉਨ੍ਹਾਂ ਨੇ ਸ਼ਾਨਦਾਰ ਸਵਾਗਤ ਲਈ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ ਅਤੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਉਹ ਮਿਹਨਤ ਕਰਨ ਅਤੇ ਆਪਣੇ ਜਨੂੰਨ (ਪੈਸ਼ਨ) ਦਾ ਪਿੱਛਾ ਕਰਨ, ਕਿਉਂਕਿ ਰੱਬ ਸੁਪਨੇ ਦਿਖਾਉਂਦਾ ਹੈ ਅਤੇ ਪੂਰੇ ਵੀ ਕਰਵਾਉਂਦਾ ਹੈ।
ਮੁੱਖ ਮੰਤਰੀ ਮਾਨ ਨੇ ਵੀਡੀਓ ਕਾਲ 'ਤੇ ਦਿੱਤੀ ਵਧਾਈ
ਜਿੱਤ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਤੁਰੰਤ ਵਿਸ਼ਵ ਕੱਪ ਜੇਤੂ ਟੀਮ ਦੀਆਂ ਖਿਡਾਰਨਾਂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਸੀ। ਉਨ੍ਹਾਂ ਨੇ ਕਪਤਾਨ ਹਰਮਨਪ੍ਰੀਤ ਕੌਰ, ਅਮਨਜੋਤ ਕੌਰ ਅਤੇ ਹਰਲੀਨ ਦਿਓਲ ਨੂੰ ਖਾਸ ਤੌਰ 'ਤੇ ਵਧਾਈ ਦਿੱਤੀ।
ਮੁੱਖ ਮੰਤਰੀ ਨੇ ਖਿਡਾਰਨਾਂ ਦੀ ਤਾਰੀਫ਼ ਕਰਦਿਆਂ ਕਿਹਾ ਕਿ "ਤੁਸੀਂ ਦੁਨੀਆ ਜਿੱਤ ਲਈ ਹੈ, ਲੋਕਾਂ ਵਿੱਚ ਬਹੁਤ ਉਤਸ਼ਾਹ ਹੈ।" ਉਨ੍ਹਾਂ ਖਾਸ ਤੌਰ 'ਤੇ ਹਰਮਨਪ੍ਰੀਤ ਕੌਰ ਦੇ ਕੈਚ ਦਾ ਜ਼ਿਕਰ ਕਰਦਿਆਂ ਕਿਹਾ, "ਠੀਕ 12 ਵਜੇ ਤੁਸੀਂ ਕੈਚ ਲਿਆ, ਉਸ ਕੈਚ ਨਾਲ ਤਾਰੀਖ ਹੀ ਨਹੀਂ ਬਦਲੀ ਸਗੋਂ ਇਤਿਹਾਸ ਬਦਲ ਗਿਆ।
"ਰਾਸ਼ਟਰ ਦਾ ਮਾਣ, ਧੀਆਂ ਨੂੰ ਪ੍ਰੇਰਨਾ
ਸੀ.ਐਮ. ਮਾਨ ਨੇ ਸੈਮੀਫਾਈਨਲ ਵਿੱਚ 339 ਦੌੜਾਂ ਬਣਾ ਕੇ ਜਿੱਤਣ ਅਤੇ ਲੀਗ ਮੈਚਾਂ ਵਿੱਚ ਨਾ ਹਾਰਨ ਵਾਲੀ ਆਸਟ੍ਰੇਲੀਆ ਦੀ ਟੀਮ ਨੂੰ ਹਰਾਉਣ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅਮਨਜੋਤ ਕੌਰ ਦੇ ਇੱਕ ਖਾਸ ਕੈਚ ਦੀ ਤਾਰੀਫ਼ ਕਰਦਿਆਂ ਕਿਹਾ ਕਿ ਉਹ ਕੈਚ ਨਹੀਂ, ਸਗੋਂ ਟਰਾਫ਼ੀ ਸੀ।
ਮੁੱਖ ਮੰਤਰੀ ਨੇ ਇਸ ਜਿੱਤ ਨੂੰ ਇੱਕ ਸਮਾਜਿਕ ਮਹੱਤਤਾ ਵੀ ਦਿੱਤੀ: "ਤੁਸੀਂ ਸਾਬਤ ਕਰ ਦਿੱਤਾ ਕਿ ਜੇ ਧੀਆਂ ਨੂੰ ਮੌਕਾ ਮਿਲੇ ਤਾਂ ਉਹ ਅਸਮਾਨ ਤੱਕ ਉਡਾਰੀਆਂ ਲਗਾ ਸਕਦੀਆਂ ਹਨ। ਆਉਣ ਵਾਲੇ ਸਮੇਂ ਵਿੱਚ ਹਜ਼ਾਰਾਂ ਲੋਕਾਂ ਨੂੰ ਤੁਹਾਡੇ ਤੋਂ ਪ੍ਰੇਰਨਾ ਮਿਲੇਗੀ।
"ਅਮਨਜੋਤ ਅਤੇ ਹਰਲੀਨ ਦਿਓਲ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੇ ਜਾਣ ਵਾਲੇ ਮਾਨ-ਸਨਮਾਨ ਬਾਰੇ ਹੋਰ ਜਾਣਕਾਰੀ ਲਈ ਬਣੇ ਰਹੋ।
Get all latest content delivered to your email a few times a month.