ਤਾਜਾ ਖਬਰਾਂ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਰਾਗੀਆਂ ਅਤੇ ਗ੍ਰੰਥੀਆਂ ਦੀ ਪਵਿੱਤਰ ਸੇਵਾ ਬਾਰੇ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਬਿਨਾਂ ਦੇਰੀ ਜਨਤਕ ਤੌਰ 'ਤੇ ਮੁਆਫੀ ਮੰਗਣ ਦੀ ਮੰਗ ਕੀਤੀ।
ਸੰਧਵਾਂ ਨੇ ਕਿਹਾ ਕਿ ਸਾਡੇ ਰਾਗੀ ਅਤੇ ਗ੍ਰੰਥੀ ਬਹੁਤ ਸਤਿਕਾਰਤਯੋਗ ਸ਼ਖਸੀਅਤਾਂ ਹਨ, ਜਿਨ੍ਹਾਂ ਰਾਹੀਂ ਗੁਰੂ ਨਾਨਕ ਪਾਤਸ਼ਾਹ ਦਾ ਸੁਨੇਹਾ ਅਤੇ ਗੁਰਬਾਣੀ ਸਾਡੇ ਤੱਕ ਪਹੁੰਚਦੀ ਹੈ, ਜਿਸ ਨਾਲ ਸਾਡੀਆਂ ਜ਼ਿੰਦਗੀਆਂ ਵਿੱਚ ਸ਼ਾਂਤੀ ਅਤੇ ਸੁੱਖ ਆਉਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸੇਵਾ ਬਹੁਤ ਵੱਡੀ ਹੈ ਜੋ ਸਿਰਫ਼ ਗੁਰੂ ਦੀ ਕਿਰਪਾ ਨਾਲ ਹੀ ਮਿਲਦੀ ਹੈ।
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਇਸ ਪਵਿੱਤਰ ਸੇਵਾ ਨੂੰ 'ਤੁੱਛ ਸੇਵਾ' ਸਮਝਣ ਦੀ ਵੱਡੀ ਗਲਤੀ ਕੀਤੀ ਹੈ। ਵੜਿੰਗ ਨੇ ਇੱਕ ਗਲਤੀ ਦੀ ਮੁਆਫੀ ਮੰਗਦਿਆਂ-ਮੰਗਦਿਆਂ ਦੂਜੀ ਵੱਡੀ ਗਲਤੀ ਕਰ ਦਿੱਤੀ ਹੈ। ਸਪੀਕਰ ਸੰਧਵਾਂ ਨੇ ਰਾਜਾ ਵੜਿੰਗ ਨੂੰ ਕਿਹਾ ਕਿ "ਰਾਜਾ ਜੀ, ਤੁਹਾਨੂੰ ਇਸ ਗੱਲ ਦੀ ਬਿਨਾਂ ਕਿਸੇ ਦੇਰੀ ਤੋਂ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ।
ਸਪੀਕਰ ਸੰਧਵਾਂ ਨੇ ਵੜਿੰਗ ਵੱਲੋਂ ਸਾਈਕਲ 'ਤੇ ਕੀਤੀ ਟਿੱਪਣੀ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਨ੍ਹਾਂ ਸਮਿਆਂ ਦੀ ਉਹ ਗੱਲ ਕਰ ਰਹੇ ਸਨ, ਉਸ ਸਮੇਂ ਸਾਈਕਲ ਵੀ ਉਨ੍ਹਾਂ ਨੂੰ ਹੀ ਮਿਲਦਾ ਸੀ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੁੰਦੀ ਸੀ, ਇਹ ਕਿਸੇ ਵਿਰਲੇ-ਵਿਰਲੇ ਕੋਲ ਹੀ ਹੁੰਦਾ ਸੀ। ਉਨ੍ਹਾਂ ਕਾਂਗਰਸ ਪ੍ਰਧਾਨ ਨੂੰ ਨਸੀਹਤ ਦਿੱਤੀ ਕਿ ਉਹ ਅਜਿਹੀਆਂ ਨਿੱਕੀਆਂ ਗੱਲਾਂ ਵਿੱਚ ਪੈ ਕੇ ਸਮਾਂ ਬਰਬਾਦ ਨਾ ਕਰਨ, ਸਗੋਂ ਪੰਜਾਬ ਦੇ ਵੱਡੇ ਮੁੱਦਿਆਂ ਦੀ ਗੱਲ ਕਰਨ ਤਾਂ ਜੋ ਸੂਬੇ ਦਾ ਕੁਝ ਭਲਾ ਹੋ ਸਕੇ।
Get all latest content delivered to your email a few times a month.