ਤਾਜਾ ਖਬਰਾਂ
ਜ਼ਿਲ੍ਹਾ ਸ੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਆਲੀਆਂ ਵਿੱਚ ਬੇਹੱਦ ਦਰਦਨਾਕ ਕਤਲ ਦੀ ਗੁੱਥੀ ਪੁਲਿਸ ਨੇ ਸਲਝਾ ਲਈ ਹੈ। ਪੁਲਿਸ ਜਾਂਚ ਵਿੱਚ ਹੈਰਾਨ ਕਰ ਦੇਣ ਵਾਲੀ ਸੱਚਾਈ ਸਾਹਮਣੇ ਆਈ ਹੈ ਕਿ ਮਾਰੇ ਗਏ ਵਿਅਕਤੀ ਸੁਰਜੀਤ ਸਿੰਘ (ਉਮਰ 46 ਸਾਲ) ਦੀ ਹੱਤਿਆ ਕਿਸੇ ਬਾਹਰੀ ਦੁਸ਼ਮਣ ਨੇ ਨਹੀਂ, ਸਗੋਂ ਉਸਦੀ ਆਪਣੀ ਪਤਨੀ ਬਲਵੀਰ ਕੌਰ ਨੇ ਆਪਣੇ ਪ੍ਰੇਮੀ ਅਮਰਨਾਥ ਉਰਫ ਜੈਮਲ ਅਤੇ ਉਸਦੇ ਸਾਥੀਆਂ ਨਾਲ ਮਿਲ ਕੇ ਰਚੀ ਸਾਜ਼ਿਸ਼ ਦੇ ਤਹਿਤ ਕਰਵਾਈ ਸੀ।
ਐਸਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਸੁਰਜੀਤ ਸਿੰਘ ਕਈ ਸਾਲਾਂ ਤੋਂ ਰੋਜ਼ੀ-ਰੋਟੀ ਲਈ ਦੁਬਈ ’ਚ ਕੰਮ ਕਰ ਰਿਹਾ ਸੀ। ਇਸ ਦੌਰਾਨ, ਪਿੰਡ ਵਿੱਚ ਉਸਦੀ ਪਤਨੀ ਬਲਵੀਰ ਕੌਰ ਦੇ ਅਮਰਨਾਥ ਉਰਫ ਜੈਮਲ ਨਾਲ ਕਥਿਤ ਤੌਰ ’ਤੇ ਗਲਤ ਸਬੰਧ ਬਣ ਗਏ ਸਨ। ਜਦੋਂ ਸੁਰਜੀਤ ਸਿੰਘ ਨੂੰ ਇਸ ਗੱਲ ਦਾ ਪਤਾ ਲੱਗਾ, ਤਾਂ ਉਹ ਤੁਰੰਤ ਕੰਮ ਛੱਡ ਕੇ ਵਾਪਸ ਘਰ ਆ ਗਿਆ ਅਤੇ ਆਪਣੀ ਪਤਨੀ ਨੂੰ ਇਸ ਸਬੰਧ ਨੂੰ ਖਤਮ ਕਰਨ ਲਈ ਕਿਹਾ। ਪਰ ਪਤਨੀ ਅਤੇ ਉਸਦਾ ਪ੍ਰੇਮੀ ਉਸਨੂੰ ਉਲਟ ਧਮਕਾਉਣ ਲੱਗ ਪਏ, ਜਿਸ ਨਾਲ ਘਰ ਵਿੱਚ ਅਕਸਰ ਕਲੇਸ਼ ਰਹਿੰਦਾ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਗਲਤ ਸਬੰਧਾਂ ਦੇ ਚਲਦਿਆਂ ਹੀ ਪਤਨੀ ਅਤੇ ਪ੍ਰੇਮੀ ਨੇ ਮਿਲ ਕੇ ਸੁਰਜੀਤ ਸਿੰਘ ਨੂੰ ਰਾਹ ਤੋਂ ਹਟਾਉਣ ਦੀ ਯੋਜਨਾ ਬਣਾਈ। ਬਲਵੀਰ ਕੌਰ ਦੀ ਸਹਿਮਤੀ ਨਾਲ ਅਮਰਨਾਥ ਨੇ ਆਪਣੇ ਦੋ ਸਾਥੀਆਂ ਸਮੇਤ ਸੁਰਜੀਤ ਸਿੰਘ ਨੂੰ ਖੇਤਾਂ ਵਿੱਚ ਬੁਲਾਇਆ ਅਤੇ ਤੇਜ਼ਧਾਰ ਹਥਿਆਰਾਂ ਨਾਲ ਉਸ ’ਤੇ ਹਮਲਾ ਕਰਕੇ ਗਲਾ ਵੱਢ ਦਿੱਤਾ। ਸੁਰਜੀਤ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਵੱਲੋਂ ਟੈਕਨੀਕਲ ਸਬੂਤਾਂ ਅਤੇ ਸਖ਼ਤ ਜਾਂਚ ਰਾਹੀਂ ਮਾਮਲਾ ਟਰੇਸ ਕਰਕੇ ਪਤਨੀ ਬਲਵੀਰ ਕੌਰ ਅਤੇ ਉਸਦੇ ਪ੍ਰੇਮੀ ਅਮਰਨਾਥ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇਸ ਕਤਲ ਵਿੱਚ ਸ਼ਾਮਿਲ ਹੋਰ ਦੋ ਸਾਥੀਆਂ ਦੀ ਭਾਲ ਜਾਰੀ ਹੈ।
Get all latest content delivered to your email a few times a month.