ਤਾਜਾ ਖਬਰਾਂ
ਕੈਨੇਡਾ ਵਿੱਚ ਵਸਦੇ ਜਗਮਨ ਸਮਰਾ ਅਤੇ ਉਸ ਦੇ ਪੁੱਤਰ ਹਰਕੀਰਤ ਸਿੰਘ ਦੀਆਂ ਮੁਸ਼ਕਲਾਂ ਕਾਫ਼ੀ ਵੱਧ ਗਈਆਂ ਹਨ। ਲੁਧਿਆਣਾ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਲੁੱਕਆਊਟ ਸਰਕੂਲਰ (LOC) ਜਾਰੀ ਕਰ ਦਿੱਤਾ ਹੈ। ਇਹ ਵੱਡੀ ਕਾਰਵਾਈ ਫਰਜ਼ੀ ਕ੍ਰਿਪਟੋਕਰੰਸੀ (Cryptocurrency) ਅਤੇ ਮਨੁੱਖੀ ਤਸਕਰੀ (Human Trafficking) ਦੇ ਦੋਸ਼ਾਂ ਹੇਠ ਕੀਤੀ ਗਈ ਹੈ।
ਪੁਲਿਸ ਨੇ ਗਿਰੋਹ ਦੇ ਚਾਰ ਸਾਥੀ ਫੜੇ
ਪੁਲਿਸ ਨੇ ਇਸ ਜੁਰਮ ਵਿੱਚ ਸ਼ਾਮਲ ਸਮਰਾ ਦੇ ਚਾਰ ਕਰੀਬੀ ਸਹਿਯੋਗੀਆਂ – ਪਰਮੇਲ ਸਿੰਘ, ਗੁਰਪ੍ਰੀਤ ਸਿੰਘ ਚਾਹਲ, ਕਾਰਤਿਕ ਮਿੱਤਲ ਅਤੇ ਬਚਿੱਤਰ ਸਿੰਘ – ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖ ਮੁਲਜ਼ਮ ਪਿਉ-ਪੁੱਤਰ ਇਸ ਸਮੇਂ ਵਿਦੇਸ਼ ਵਿੱਚ ਹਨ। ਸੂਤਰਾਂ ਮੁਤਾਬਕ, ਪੰਜਾਬ ਪੁਲਿਸ ਹੁਣ ਅੰਤਰਰਾਸ਼ਟਰੀ ਜਾਂਚ ਏਜੰਸੀਆਂ ਦੀ ਮਦਦ ਲੈ ਕੇ ਕੈਨੇਡਾ ਵਿੱਚ ਉਨ੍ਹਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਕਿਵੇਂ ਹੋਇਆ '5K' ਸਿੱਕੇ ਰਾਹੀਂ ਧੋਖਾ?
ਲੁਧਿਆਣਾ ਦੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਦਰਜ FIR (ਮਿਤੀ: 24 ਅਕਤੂਬਰ) ਵਿੱਚ ਦੱਸਿਆ ਗਿਆ ਹੈ ਕਿ ਜਗਮਨ ਸਮਰਾ ਨੇ "5K" ਨਾਮ ਦਾ ਇੱਕ ਜਾਅਲੀ ਡਿਜੀਟਲ ਸਿੱਕਾ ਬਣਾਇਆ ਸੀ।
ਦੋਸ਼ ਹੈ ਕਿ ਉਸਨੇ ਵੱਡੇ ਮੁਨਾਫੇ ਦੇ ਵਾਅਦਿਆਂ ਨਾਲ ਲੋਕਾਂ ਨੂੰ ਭਰਮਾ ਕੇ ਉਨ੍ਹਾਂ ਦੇ ਲੱਖਾਂ ਰੁਪਏ ਹਥਿਆਏ। ਇਹ ਸਾਰਾ ਧਨ ਗੈਰ-ਕਾਨੂੰਨੀ ਹਵਾਲਾ ਨੈੱਟਵਰਕ ਰਾਹੀਂ ਕੈਨੇਡਾ ਟ੍ਰਾਂਸਫਰ ਕੀਤਾ ਗਿਆ ਸੀ। ਸਮਰਾ ਨੇ ਲੁਧਿਆਣਾ ਸਮੇਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਨਿਵੇਸ਼ ਕੇਂਦਰ ਵੀ ਖੋਲ੍ਹੇ ਹੋਏ ਸਨ।
ਵੀਜ਼ਾ ਧੋਖਾਧੜੀ ਦਾ ਵੀ ਸ਼ੱਕ
ਪੁਲਿਸ ਨੂੰ ਸ਼ੱਕ ਹੈ ਕਿ ਇਸ ਗਿਰੋਹ ਦਾ ਕੰਮ ਸਿਰਫ਼ ਕ੍ਰਿਪਟੋ ਧੋਖਾਧੜੀ ਤੱਕ ਹੀ ਸੀਮਤ ਨਹੀਂ ਸੀ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਉਹ ਕੈਨੇਡੀਅਨ ਵੀਜ਼ਿਆਂ ਦੇ ਨਾਮ 'ਤੇ ਲੋਕਾਂ ਨਾਲ ਠੱਗੀ ਮਾਰਨ ਅਤੇ ਮਨੁੱਖੀ ਤਸਕਰੀ ਵਿੱਚ ਵੀ ਸ਼ਾਮਲ ਸਨ। ਪੁਲਿਸ ਹੁਣ ਪੀੜਤਾਂ ਦੀ ਸਹੀ ਗਿਣਤੀ ਅਤੇ ਠੱਗੀ ਗਈ ਰਕਮ ਦਾ ਪਤਾ ਲਗਾ ਰਹੀ ਹੈ।
ਜਗਮਨ ਸਮਰਾ ਖ਼ਿਲਾਫ਼ ਸਾਈਬਰ ਕ੍ਰਾਈਮ ਥਾਣੇ ਵਿੱਚ ਧੋਖਾਧੜੀ, ਅਪਰਾਧਿਕ ਸਾਜ਼ਿਸ਼ ਅਤੇ ਜਾਅਲਸਾਜ਼ੀ ਦੀਆਂ ਕਈ ਗੰਭੀਰ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਮਾਮਲਾ ਸਮਰਾ ਦੁਆਰਾ ਸੋਸ਼ਲ ਮੀਡੀਆ 'ਤੇ ਇੱਕ ਇਤਰਾਜ਼ਯੋਗ ਵੀਡੀਓ ਪੋਸਟ ਕਰਨ ਤੋਂ ਬਾਅਦ ਸਾਹਮਣੇ ਆਇਆ।
Get all latest content delivered to your email a few times a month.