ਤਾਜਾ ਖਬਰਾਂ
ਜਗਰਾਉਂ ਦੇ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਤੀਜੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀ (ਅੱਜ) ਉਸੇ ਦਿਨ ਹੋਈ ਜਦੋਂ ਤੇਜਪਾਲ ਦਾ ਅੰਤਿਮ ਸੰਸਕਾਰ ਉਸਦੇ ਪਿੰਡ ਗਿੱਦੜਵਿੰਡੀ ਦੇ ਖੇਡ ਮੈਦਾਨ ਵਿੱਚ ਕੀਤਾ ਗਿਆ। ਪਰਿਵਾਰ ਨੇ ਸਪੱਸ਼ਟ ਕੀਤਾ ਸੀ ਕਿ ਜਦ ਤੱਕ ਤੀਜਾ ਦੋਸ਼ੀ ਕਾਬੂ ਨਹੀਂ ਹੁੰਦਾ, ਉਹ ਸੰਸਕਾਰ ਨਹੀਂ ਕਰਨਗੇ।
ਮਾਮਲੇ ਵਿੱਚ ਪਹਿਲਾਂ ਹੀ ਦੋ ਦੋਸ਼ੀ - ਹੇਮਨ ਸਿੰਘ ਅਤੇ ਸੰਨੀ ਸਿੰਘ, ਜੋ ਸੰਗਰੂਰ ਦੇ ਇੰਦਰਾ ਕਲੋਨੀ ਸੋਹੀਆ ਰੋਡ ਦੇ ਰਹਿਣ ਵਾਲੇ ਹਨ - ਗ੍ਰਿਫ਼ਤਾਰ ਕੀਤੇ ਜਾ ਚੁੱਕੇ ਸਨ। ਤੀਜੇ ਦੋਸ਼ੀ ਦੀ ਗ੍ਰਿਫ਼ਤਾਰੀ ਨਾਲ ਪੁਲਿਸ ਨੇ ਮਾਮਲੇ ਨੂੰ ਵੱਡੀ ਸਫਲਤਾ ਵਜੋਂ ਦਰਜ ਕੀਤਾ ਹੈ।
ਤੇਜਪਾਲ ਸਿੰਘ ਦਾ ਕਤਲ ਸ਼ੁੱਕਰਵਾਰ ਨੂੰ ਹੋਇਆ ਸੀ, ਜਦੋਂ ਮੁਲਜ਼ਮਾਂ ਨੇ ਪੁਰਾਣੀ ਰੰਜਿਸ਼ ਕਾਰਨ ਉਸ ਨੂੰ ਗੋਲੀ ਮਾਰ ਦਿੱਤੀ। ਇੱਕ ਜੱਸੂ ਕੂਮ ਨਾਮਕ ਨੌਜਵਾਨ ਨੇ ਫੇਸਬੁੱਕ ‘ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆਂ ਲਿਖਿਆ ਸੀ ਕਿ ਇਹ ਕਦਮ ਨਿੱਜੀ ਰੰਜਿਸ਼ ਕਾਰਨ ਚੁੱਕਿਆ ਗਿਆ।
ਐਸ.ਐਚ.ਓ. ਸਿਟੀ ਜਗਰਾਉਂ ਪਰਮਿੰਦਰ ਸਿੰਘ ਨੇ ਕਿਹਾ ਕਿ “ਸਾਡੀ ਟੀਮ ਦੀ ਲਗਾਤਾਰ ਮਿਹਨਤ ਨਾਲ ਤੀਜੇ ਦੋਸ਼ੀ ਨੂੰ ਕਾਬੂ ਕੀਤਾ ਗਿਆ ਹੈ। ਸਾਰੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਚਾਰਜਸ਼ੀਟ ਜਲਦੀ ਹੀ ਅਦਾਲਤ ਵਿੱਚ ਪੇਸ਼ ਕੀਤੀ ਜਾਵੇਗੀ।”
ਤੇਜਪਾਲ ਦੇ ਅੰਤਿਮ ਸੰਸਕਾਰ ਦੌਰਾਨ ਪੂਰੇ ਖੇਤਰ ਵਿੱਚ ਦੁਖ ਦਾ ਮਾਹੌਲ ਰਿਹਾ, ਜਦਕਿ ਖਿਡਾਰੀਆਂ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਪੁਲਿਸ ਦੀ ਤੁਰੰਤ ਕਾਰਵਾਈ ਦੀ ਪ੍ਰਸ਼ੰਸਾ ਕੀਤੀ ਗਈ।
Get all latest content delivered to your email a few times a month.