ਤਾਜਾ ਖਬਰਾਂ
ਪੰਜਾਬ ਸਰਕਾਰ ਨੇ ਪ੍ਰਸਿੱਧ ਸੂਫੀ ਗਾਇਕ, ਕਵੀ ਤੇ ਵਿਦਵਾਨ ਡਾ. ਸਤਿੰਦਰ ਸਰਤਾਜ ਦੇ ਯੋਗਦਾਨ ਨੂੰ ਸਨਮਾਨ ਦਿੰਦਿਆਂ ਉਨ੍ਹਾਂ ਦੇ ਨਾਮ ‘ਤੇ ਸੜਕ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਗਿਆ ਹੈ। ਸਰਕਾਰ ਵੱਲੋਂ ਜਾਰੀ ਬਿਆਨ ਅਨੁਸਾਰ, ਸੜਕ ਦੇ ਨਾਮਕਰਨ ਦਾ ਉਦਘਾਟਨ ਸਮਾਰੋਹ 10 ਨਵੰਬਰ ਸਵੇਰੇ 10 ਵਜੇ ਆਯੋਜਿਤ ਕੀਤਾ ਜਾਵੇਗਾ।
ਇਸ ਸਮਾਰੋਹ ਦੀ ਅਗਵਾਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਰਨਗੇ। ਸਮਾਰੋਹ ਵਿੱਚ ਸੰਸਦ ਮੈਂਬਰ ਰਾਜ ਕੁਮਾਰ ਚੱਬੇਵਾਲ, ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਇਕ ਡਾ. ਇੰਸ਼ਾਕ ਵੀ ਮੌਜੂਦ ਰਹਿਣਗੇ।
ਡਾ. ਸਤਿੰਦਰ ਸਰਤਾਜ ਦਾ ਜਨਮ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਹੋਇਆ ਸੀ, ਜਦਕਿ ਇਸ ਸਮੇਂ ਉਨ੍ਹਾਂ ਦਾ ਪਰਿਵਾਰ ਮੋਹਾਲੀ ‘ਚ ਰਹਿੰਦਾ ਹੈ। ਹਾਲ ਹੀ ਵਿੱਚ, ਸਰਤਾਜ ਨੇ ਆਪਣੇ “ਨਾਨਕੇ ਪਿੰਡ ਦੀ ਫੇਰੀ” ਸਿਰਲੇਖ ਹੇਠ ਇਕ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਲੁਟੇਰਾ ਕਲਾਂ (ਜਲੰਧਰ) ਪਿੰਡ ਦੀਆਂ ਮਿੱਠੀਆਂ ਯਾਦਾਂ ਸਾਂਝੀਆਂ ਕੀਤੀਆਂ।
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਹ ਪਹਿਲੀ ਵਾਰ ਹਾਰਮੋਨੀਅਮ ਦੀ ਆਵਾਜ਼ ਸੁਣ ਕੇ ਸੰਗੀਤ ਨਾਲ ਜੁੜੇ, ਕਿਵੇਂ ਉਹ ਗੁਰੂਦੁਆਰੇ ਵਿਚ ਬਚਪਨ ‘ਚ ਪਾਠ ਕਰਦੇ ਸਨ, ਅਤੇ ਕਿਵੇਂ ਪਿੰਡ ਵਾਸੀਆਂ ਦੀ ਖੁਸ਼ੀ ਉਨ੍ਹਾਂ ਦੇ ਵਾਪਸ ਆਉਣ ‘ਤੇ ਅਪਾਰ ਸੀ। ਸਰਤਾਜ ਨੇ ਕਿਹਾ ਕਿ ਇਹ ਯਾਦਾਂ ਹੀ ਉਹ ਖ਼ਜ਼ਾਨਾ ਹਨ, ਜਿਨ੍ਹਾਂ ਨੇ ਉਨ੍ਹਾਂ ਨੂੰ “ਸਤਿੰਦਰ” ਤੋਂ “ਸਰਤਾਜ” ਬਣਾਇਆ।
ਇਸ ਤੋਂ ਇਲਾਵਾ, ਹੜ੍ਹ ਪੀੜਤਾਂ ਲਈ ਉਨ੍ਹਾਂ ਦੇ ਸੇਵਕਾਰੀ ਯਤਨਾਂ ਨੇ ਵੀ ਲੋਕਾਂ ਦੇ ਦਿਲ ਜਿੱਤ ਲਏ ਸਨ। ਅਗਸਤ ਮਹੀਨੇ ਦੌਰਾਨ ਜਦੋਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਨਾਲ ਪ੍ਰਭਾਵਿਤ ਹੋਏ, ਤਦ ਸਤਿੰਦਰ ਸਰਤਾਜ ਨੇ ਅੰਮ੍ਰਿਤਸਰ ਦੇ 500 ਪਰਿਵਾਰਾਂ ਨੂੰ ਇੱਕ ਮਹੀਨੇ ਦਾ ਰਾਸ਼ਨ ਭੇਜਿਆ ਅਤੇ ਫਿਰ ਫਾਜ਼ਿਲਕਾ ਸਮੇਤ ਹੋਰ ਜ਼ਿਲ੍ਹਿਆਂ ਵਿਚ ਵੀ ਮਦਦ ਪਹੁੰਚਾਈ।
ਉਨ੍ਹਾਂ ਦੀ ਇਸ ਮਨੁੱਖਤਾ ਭਰੀ ਸੇਵਾ ਅਤੇ ਸੱਭਿਆਚਾਰਕ ਯੋਗਦਾਨ ਦੇ ਪ੍ਰਤੀਕ ਵਜੋਂ, ਸਰਕਾਰ ਨੇ ਉਨ੍ਹਾਂ ਦੇ ਨਾਮ ‘ਤੇ ਸੜਕ ਦਾ ਨਾਮਕਰਨ ਕਰਕੇ ਇੱਕ ਮਾਣਯੋਗ ਸੰਦੇਸ਼ ਦਿੱਤਾ ਹੈ ਕਿ ਪੰਜਾਬ ਆਪਣੇ ਕਲਾਕਾਰਾਂ ਨੂੰ ਸਿਰਫ਼ ਮੰਨਦਾ ਹੀ ਨਹੀਂ, ਸਨਮਾਨਿਤ ਵੀ ਕਰਦਾ ਹੈ।
Get all latest content delivered to your email a few times a month.