IMG-LOGO
ਹੋਮ ਪੰਜਾਬ: ਸਾਬਕਾ ਡੀਆਈਜੀ ਰਿਸ਼ਵਤ ਮਾਮਲੇ 'ਚ ਵੱਡਾ ਖੁਲਾਸਾ: ਸੀਬੀਆਈ ਦੇ ਹੱਥ...

ਸਾਬਕਾ ਡੀਆਈਜੀ ਰਿਸ਼ਵਤ ਮਾਮਲੇ 'ਚ ਵੱਡਾ ਖੁਲਾਸਾ: ਸੀਬੀਆਈ ਦੇ ਹੱਥ ਚੜ੍ਹੇ 10 IPS ਤੇ 4 IAS ਅਧਿਕਾਰੀ, ਕਾਲੇ ਧਨ ਨਾਲ ਪ੍ਰਾਪਰਟੀ ਖਰੀਦਣ ਦੇ ਮਿਲੇ ਸਬੂਤ

Admin User - Nov 05, 2025 07:58 PM
IMG

ਪੰਜਾਬ ਪੁਲਿਸ ਦੇ ਡੀਆਈਜੀ ਹਰਚਰਨ ਸਿੰਘ ਭੁੱਲਰ ਨਾਲ ਜੁੜੇ ਰਿਸ਼ਵਤ ਮਾਮਲੇ ਨੇ ਸੂਬੇ ਦੀ ਬਿਊਰੋਕਰੇਸੀ ਵਿੱਚ ਹੜਕੰਪ ਮਚਾ ਦਿੱਤਾ ਹੈ। ਸੀਬੀਆਈ ਜਾਂਚ ਦੌਰਾਨ ਹੁਣ ਇਹ ਖੁਲਾਸਾ ਹੋਇਆ ਹੈ ਕਿ ਪੰਜਾਬ ਦੇ ਕਈ ਸੀਨੀਅਰ ਅਧਿਕਾਰੀ - ਜਿਨ੍ਹਾਂ ਵਿੱਚ 4 ਆਈਏਐਸ ਅਤੇ 10 ਆਈਪੀਐਸ ਅਧਿਕਾਰੀ ਸ਼ਾਮਲ ਹਨ - ਕਾਲੇ ਧਨ ਨੂੰ ਜਾਇਦਾਦ ਖਰੀਦਣ ਵਿੱਚ ਨਿਵੇਸ਼ ਕਰ ਰਹੇ ਸਨ।

ਇਹ ਜਾਣਕਾਰੀ ਸੀਬੀਆਈ ਨੂੰ ਪਟਿਆਲਾ ਦੇ ਇੱਕ ਪ੍ਰਾਪਰਟੀ ਡੀਲਰ ਭੁਪਿੰਦਰ ਸਿੰਘ ਤੋਂ ਮਿਲੀ, ਜਿਸ ਦੇ ਠਿਕਾਣਿਆਂ ‘ਤੇ ਮੰਗਲਵਾਰ ਨੂੰ ਛਾਪੇਮਾਰੀ ਹੋਈ। ਸੂਤਰਾਂ ਅਨੁਸਾਰ, ਸੀਬੀਆਈ ਜਲਦ ਹੀ ਡੀਆਈਜੀ ਭੁੱਲਰ ਦੀ ਅਗਲੀ ਪੇਸ਼ੀ ਦੌਰਾਨ ਇਨ੍ਹਾਂ ਅਧਿਕਾਰੀਆਂ ਦੇ ਨਾਮ ਅਦਾਲਤ ਵਿੱਚ ਪੇਸ਼ ਕਰ ਸਕਦੀ ਹੈ।

ਸੀਬੀਆਈ ਦੇ ਹੱਥ ਲੱਗੇ ਦਸਤਾਵੇਜ਼ ਦਰਸਾਉਂਦੇ ਹਨ ਕਿ ਭੁਪਿੰਦਰ ਸਿੰਘ ਨੇ ਕਈ ਅਧਿਕਾਰੀਆਂ ਦੇ ਬਲੈਕ ਮਨੀ ਨੂੰ ਪ੍ਰਾਪਰਟੀ ਸੌਦਿਆਂ ਰਾਹੀਂ ਖਪਾਇਆ। ਛਾਪੇ ਦੌਰਾਨ 20.5 ਲੱਖ ਰੁਪਏ ਨਕਦ, ਲੈਪਟਾਪ, ਮੋਬਾਈਲ ਫੋਨ, ਡੀਵੀਆਰ ਅਤੇ 50 ਤੋਂ ਵੱਧ ਜਾਇਦਾਦਾਂ ਨਾਲ ਸਬੰਧਤ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।

ਭੁੱਲਰ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਸ ਦੇ ਘਰ ਤੋਂ 2 ਕਿਲੋ ਸੋਨਾ, 7.5 ਕਰੋੜ ਰੁਪਏ ਨਕਦ ਅਤੇ ਹੋਰ ਕੀਮਤੀ ਸਮਾਨ ਮਿਲਿਆ ਸੀ। ਪੁੱਛਗਿੱਛ ਵਿੱਚ ਉਸਨੇ ਕਬੂਲਿਆ ਕਿ ਰਿਸ਼ਵਤ ਦੇ ਪੈਸੇ ਨੂੰ ਜਾਇਦਾਦਾਂ ਵਿੱਚ ਲਗਾਇਆ ਗਿਆ ਸੀ। ਉਸਨੇ ਪ੍ਰਾਪਰਟੀ ਡੀਲਰ ਭੁਪਿੰਦਰ ਦਾ ਨਾਮ ਦਿੱਤਾ, ਜਿਸ ਰਾਹੀਂ ਹੋਰ ਅਧਿਕਾਰੀ ਵੀ ਜ਼ਮੀਨ ਦੇ ਸੌਦਿਆਂ ਵਿੱਚ ਸ਼ਾਮਲ ਰਹੇ।

ਇਹ ਵੀ ਸਾਹਮਣੇ ਆਇਆ ਕਿ ਅਧਿਕਾਰੀ ਆਪਣੀ ਪਛਾਣ ਛੁਪਾਉਣ ਲਈ ਆਪਣੇ ਰਿਸ਼ਤੇਦਾਰਾਂ ਦੇ ਨਾਮ ‘ਤੇ ਜ਼ਮੀਨ ਖਰੀਦਦੇ ਸਨ। ਮੰਡੀ ਗੋਬਿੰਦਗੜ੍ਹ ਨਾਲ ਜੁੜੇ ਚਾਰ ਆਈਏਐਸ ਅਧਿਕਾਰੀ ਵੀ ਇਸ ਗੋਲਾ ‘ਚ ਸ਼ਾਮਲ ਦੱਸੇ ਜਾ ਰਹੇ ਹਨ।

ਜਾਂਚ ਦੌਰਾਨ ਵਿਚੋਲੇ ਕ੍ਰਿਸ਼ਨੂ ਨੇ ਵੀ ਕਬੂਲਿਆ ਕਿ ਉਹ ਭੁਪਿੰਦਰ ਨੂੰ ਜਾਣਦਾ ਸੀ ਅਤੇ ਕਈ ਅਧਿਕਾਰੀਆਂ ਦੀ ਉਸ ਨਾਲ ਜਾਣ-ਪਛਾਣ ਉਸੇ ਨੇ ਕਰਵਾਈ ਸੀ। ਸੀਬੀਆਈ ਹੁਣ ਭੁਪਿੰਦਰ ਦੇ ਸਾਰੇ ਬੈਂਕ ਖਾਤਿਆਂ, ਲੈਣ-ਦੇਣਾਂ ਅਤੇ ਸੰਪਰਕਾਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ।

ਸੀਬੀਆਈ ਦੇ ਸੂਤਰਾਂ ਅਨੁਸਾਰ, ਭੁਪਿੰਦਰ ਸਿੰਘ ਨੂੰ ਜਲਦ ਹੀ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਅਤੇ ਉਸ ਦੇ ਬਿਆਨਾਂ ਦੇ ਆਧਾਰ ‘ਤੇ ਹੋਰ ਅਧਿਕਾਰੀਆਂ ਨੂੰ ਨੋਟਿਸ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਜਾਵੇਗਾ। ਏਜੰਸੀ ਪੰਜਾਬ ਤੋਂ ਬਾਹਰ ਉਸ ਦੇ ਨਿਵੇਸ਼ਾਂ ਦਾ ਵੀ ਵੇਰਵਾ ਇਕੱਠਾ ਕਰ ਰਹੀ ਹੈ।

ਇਹ ਮਾਮਲਾ ਨਾ ਸਿਰਫ਼ ਡੀਆਈਜੀ ਭੁੱਲਰ ਤੱਕ ਸੀਮਿਤ ਰਹਿ ਗਿਆ ਹੈ, ਸਗੋਂ ਹੁਣ ਪੂਰੀ ਪੰਜਾਬੀ ਬਿਊਰੋਕਰੇਸੀ ਵਿੱਚ ਇੱਕ ਵੱਡੇ ਬਲੈਕ ਮਨੀ ਨੇਕਸਸ ਦੇ ਪਰਦਾਫਾਸ਼ ਦੀ ਸੰਭਾਵਨਾ ਵਧ ਗਈ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.