ਤਾਜਾ ਖਬਰਾਂ
ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਜਾ ਰਿਹਾ ਹੈ। ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਦੱਸਿਆ ਕਿ ਇਸ ਮਹਾਨ ਸਮਾਗਮ ਦੀ ਸਫ਼ਲਤਾ ਲਈ ਸੈਰ ਸਪਾਟਾ ਵਿਭਾਗ ਨੂੰ ਨੋਡਲ ਵਿਭਾਗ ਨਿਯੁਕਤ ਕੀਤਾ ਗਿਆ ਹੈ।
ਸੌਂਦ ਨੇ ਦੱਸਿਆ ਕਿ 19 ਨਵੰਬਰ ਤੋਂ ਸ਼ੁਰੂ ਹੋਣ ਵਾਲੇ ਚਾਰ ਮੁੱਖ ਨਗਰ ਕੀਰਤਨ ਪੰਜਾਬ ਦੇ ਪ੍ਰਮੁੱਖ ਸ਼ਹਿਰਾਂ ਵਿੱਚੋਂ ਦੀ ਲੰਘਦੇ ਹੋਏ ਕੁੱਲ 1563 ਕਿਲੋਮੀਟਰ ਦਾ ਸਫ਼ਰ ਤੈਅ ਕਰਨਗੇ ਅਤੇ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚ ਕੇ ਸਮਾਪਤ ਹੋਣਗੇ।
ਵੱਖ-ਵੱਖ ਰੂਟਾਂ ਦਾ ਵਿਸਥਾਰਤ ਵੇਰਵਾ
1. ਮੁੱਖ ਰੂਟ (544 ਕਿਲੋਮੀਟਰ):
ਮੁੱਖ ਨਗਰ ਕੀਰਤਨ 19 ਨਵੰਬਰ ਨੂੰ ਸ੍ਰੀਨਗਰ ਤੋਂ ਸ਼ੁਰੂ ਹੋਵੇਗਾ। ਇਹ ਜੰਮੂ, ਪਠਾਨਕੋਟ, ਦਸੂਹਾ, ਹੁਸ਼ਿਆਰਪੁਰ, ਮਾਹਿਲਪੁਰ ਅਤੇ ਗੜ੍ਹਸ਼ੰਕਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ। ਇਸ ਨਗਰ ਕੀਰਤਨ ਦਾ ਪਹਿਲਾ ਠਹਿਰਾਅ 19 ਨਵੰਬਰ ਨੂੰ ਜੰਮੂ ਵਿਖੇ, 20 ਨਵੰਬਰ ਨੂੰ ਪਠਾਨਕੋਟ ਵਿਖੇ ਅਤੇ 21 ਨਵੰਬਰ ਨੂੰ ਹੁਸ਼ਿਆਰਪੁਰ ਵਿਖੇ ਹੋਵੇਗਾ।
2. ਮਾਝਾ-ਦੁਆਬਾ ਰੂਟ (345 ਕਿਲੋਮੀਟਰ):
ਇਸ ਰੂਟ 'ਤੇ ਨਗਰ ਕੀਰਤਨ 20 ਨਵੰਬਰ ਨੂੰ ਗੁਰਦਾਸਪੁਰ ਤੋਂ ਸ਼ੁਰੂ ਹੋਵੇਗਾ। ਇਹ ਬਟਾਲਾ, ਬਾਬਾ ਬਕਾਲਾ, ਸ੍ਰੀ ਅੰਮ੍ਰਿਤਸਰ ਸਾਹਿਬ (ਜਿੱਥੇ 20 ਨਵੰਬਰ ਨੂੰ ਠਹਿਰਾਅ ਹੋਵੇਗਾ), ਤਰਨ ਤਾਰਨ, ਗੋਇੰਦਵਾਲ ਸਾਹਿਬ, ਕਪੂਰਥਲਾ, ਕਰਤਾਰਪੁਰ ਅਤੇ ਜਲੰਧਰ (ਜਿੱਥੇ 21 ਨਵੰਬਰ ਨੂੰ ਠਹਿਰਾਅ ਹੋਵੇਗਾ) ਵਿੱਚੋਂ ਲੰਘੇਗਾ। ਅੱਗੇ ਬੰਗਾ ਤੇ ਬਲਾਚੌਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪਹੁੰਚੇਗਾ।
3. ਮਾਲਵਾ-1 ਰੂਟ (320 ਕਿਲੋਮੀਟਰ):
ਮਾਲਵਾ ਖੇਤਰ ਦਾ ਇਹ ਨਗਰ ਕੀਰਤਨ 20 ਨਵੰਬਰ ਨੂੰ ਫਰੀਦਕੋਟ ਤੋਂ ਆਰੰਭ ਹੋਵੇਗਾ। ਇਸ ਦਾ ਸਫ਼ਰ ਫਿਰੋਜ਼ਪੁਰ, ਮੋਗਾ, ਜਗਰਾਓਂ ਅਤੇ ਲੁਧਿਆਣਾ (ਜਿੱਥੇ 20 ਨਵੰਬਰ ਨੂੰ ਠਹਿਰਾਅ ਹੋਵੇਗਾ) ਤੋਂ ਜਾਰੀ ਰਹੇਗਾ। ਅੱਗੇ ਖੰਨਾ, ਸਰਹਿੰਦ, ਫਤਹਿਗੜ੍ਹ ਸਾਹਿਬ (ਜਿੱਥੇ 21 ਨਵੰਬਰ ਨੂੰ ਠਹਿਰਾਅ ਹੋਵੇਗਾ), ਮੋਰਿੰਡਾ, ਚਮਕੌਰ ਸਾਹਿਬ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਵੇਗਾ।
4. ਮਾਲਵਾ-2 ਰੂਟ (354 ਕਿਲੋਮੀਟਰ):
ਚੌਥਾ ਨਗਰ ਕੀਰਤਨ ਵੀ 20 ਨਵੰਬਰ ਨੂੰ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ। ਇਸ ਦਾ ਰੂਟ ਬਠਿੰਡਾ, ਬਰਨਾਲਾ, ਸੰਗਰੂਰ (ਜਿੱਥੇ 20 ਨਵੰਬਰ ਨੂੰ ਠਹਿਰਾਅ ਹੋਵੇਗਾ), ਪਟਿਆਲਾ, ਰਾਜਪੁਰਾ, ਬਨੂੜ, ਮੋਹਾਲੀ (ਜਿੱਥੇ 21 ਨਵੰਬਰ ਨੂੰ ਠਹਿਰਾਅ ਹੋਵੇਗਾ), ਕੁਰਾਲੀ ਅਤੇ ਰੂਪਨਗਰ ਹੁੰਦਾ ਹੋਇਆ 22 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਪੁੱਜੇਗਾ।
ਸੰਗਤਾਂ ਨੂੰ ਸ਼ਰਧਾ ਭੇਟ ਕਰਨ ਦੀ ਅਪੀਲ
ਮੰਤਰੀ ਸੌਂਦ ਨੇ ਸਮੁੱਚੀ ਦੁਨੀਆ ਭਰ ਦੀ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਪਵਿੱਤਰ ਨਗਰ ਕੀਰਤਨਾਂ ਵਿੱਚ ਹਾਜ਼ਰੀ ਭਰ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹੀਦੀ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਭੇਟ ਕਰਨ। ਉਨ੍ਹਾਂ ਸਾਰੀ ਸੰਗਤ ਨੂੰ ਬਾਕੀ ਸਮਾਗਮਾਂ ਵਿੱਚ ਵੀ ਹੁੰਮ ਹੁੰਮਾ ਕੇ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਹੈ, ਤਾਂ ਜੋ ਇਹ ਦਿਹਾੜਾ ਇਤਿਹਾਸਕ ਬਣ ਸਕੇ।
Get all latest content delivered to your email a few times a month.