ਤਾਜਾ ਖਬਰਾਂ
ਚੰਡੀਗੜ੍ਹ, 4 ਨਵੰਬਰ:
ਪੰਜਾਬ ਵਿਧਾਨ ਸਭਾ ਦੀ 21-ਤਰਨ ਤਾਰਨ ਸੀਟ ਦੀ ਜ਼ਿਮਨੀ ਚੋਣ ਲਈ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਮਗਰੋਂ ਪੁਲਿਸ ਪ੍ਰਸ਼ਾਸਨ ਨੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ 57 ਕਰੋੜ 47 ਲੱਖ ਰੁਪਏ ਤੋਂ ਵੱਧ ਦੀ ਜ਼ਬਤੀ ਕੀਤੀ ਹੈ।
ਤਫਸੀਲ ਅਨੁਸਾਰ ਹਲਕਾ ਤਰਨ ਤਾਰਨ ਵਿੱਚ 7 ਅਕਤੂਬਰ ਨੂੰ ਚੋਣ ਜ਼ਾਬਤਾ ਲਾਗੂ ਹੋਣ ਤੋਂ 3 ਨਵੰਬਰ ਤੱਕ ਪੰਜਾਬ ਪੁਲਿਸ ਵੱਲੋਂ 32 ਲੱਖ 89 ਹਜ਼ਾਰ 160 ਰੁਪਏ ਦੀ ਕੀਮਤ ਵਾਲੀ 51 ਹਜ਼ਾਰ 429.50 ਲੀਟਰ ਸ਼ਰਾਬ, 56 ਕਰੋੜ 67 ਲੱਖ 10 ਹਜ਼ਾਰ 500 ਰੁਪਏ ਦੀ ਕੀਮਤ ਵਾਲੇ 21 ਹਜ਼ਾਰ 811.10 ਗ੍ਰਾਮ ਨਸ਼ੀਲੇ ਪਦਾਰਥ, 9 ਲੱਖ 73 ਹਜ਼ਾਰ 480 ਰੁਪਏ ਦੀ ਨਕਦੀ ਅਤੇ 37 ਲੱਖ 85 ਹਜ਼ਾਰ 700 ਰੁਪਏ ਦੀ ਕੀਮਤ ਵਾਲੇ ਹੋਰ ਸਮਾਨ ਦੀ ਜ਼ਬਤੀ ਕੀਤੀ ਗਈ ਹੈ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੂੰ ਹਲਕਾ ਤਰਨ ਤਾਰਨ ਵਿੱਚ 24 ਘੰਟੇ ਨਾਕਿਆਂ ਉੱਤੇ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਨਿਗਰਾਨੀ ਰੱਖਣ ਦੇ ਨਿਰਦੇਸ਼ ਦਿੱਤੇ ਹੋਏ ਹਨ ਤਾਂ ਜੋ ਗੈਰ-ਕਾਨੂੰਨੀ ਤਸਕਰੀ ਨੂੰ ਨੱਥ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਵੋਟਰਾਂ ਨੂੰ ਭਰਮਾਉਣ ਲਈ ਨਕਦੀ ਜਾਂ ਕਿਸੇ ਹੋਰ ਤਰ੍ਹਾਂ ਦਾ ਸਾਮਾਨ (ਫ੍ਰੀ ਬੀਜ਼) ਵੰਡਣ ਵਾਲਿਆਂ ਖਿਲਾਫ਼ ਵੀ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਇਆ ਗਿਆ ਹੈ।
ਹਲਕੇ ਵਿੱਚ ਕੁੱਲ ਵੋਟਰਾਂ ਅਤੇ ਪੋਲਿੰਗ ਬੂਥਾਂ ਦੀ ਗਿਣਤੀ
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਤਰਨ ਤਾਰਨ ਹਲਕੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 1,92,838 ਹੈ। ਇਸ ਵਿੱਚ 1,00,933 ਪੁਰਸ਼ ਵੋਟਰ, 91,897 ਮਹਿਲਾ ਵੋਟਰ ਅਤੇ 8 ਤੀਜੇ ਲਿੰਗ ਦੇ ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ ਕੁੱਲ ਸਰਵਿਸ ਵੋਟਰ 1,357, ਜਦਕਿ 85 ਸਾਲ ਦੀ ਉਮਰ ਤੋਂ ਵੱਧ ਵਾਲੇ ਕੁੱਲ ਵੋਟਰਾਂ ਦੀ ਗਿਣਤੀ 1,657 ਹੈ। ਉੱਥੇ ਹੀ ਕੁੱਲ ਐਨ.ਆਰ.ਆਈ ਵੋਟਰ 306 ਅਤੇ ਦਿਵਿਆਂਗ ਵੋਟਰਾਂ ਦੀ ਕੁੱਲ ਗਿਣਤੀ 1,488 ਹੈ। ਇਸ ਦੇ ਨਾਲ ਹੀ 18 ਤੋਂ 19 ਸਾਲ ਦੀ ਉਮਰ ਵਾਲੇ ਵੋਟਰਾਂ ਦੀ ਕੁੱਲ ਗਿਣਤੀ 3,333 ਹੈ। ਉਨ੍ਹਾਂ ਅੱਗੇ ਦੱਸਿਆ ਕਿ 114 ਪੋਲਿੰਗ ਸਟੇਸ਼ਨ ਸਥਾਨਾਂ `ਤੇ ਪੋਲਿੰਗ ਸਟੇਸ਼ਨਾਂ ਦੀ ਗਿਣਤੀ 222 (ਸ਼ਹਿਰੀ: 60 ਅਤੇ ਪੇਂਡੂ: 162) ਹੈ।
Get all latest content delivered to your email a few times a month.