ਤਾਜਾ ਖਬਰਾਂ
ਚੰਡੀਗੜ੍ਹ, 3 ਨਵੰਬਰ-
ਪੰਜਾਬ ਦੇ ਵਿੱਤ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ, ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਕੇਂਦਰੀ ਮੰਤਰੀ ਅਤੇ ਪ੍ਰਮੁੱਖ ਦਲਿਤ ਆਗੂ, ਮਰਹੂਮ ਸਰਦਾਰ ਬੂਟਾ ਸਿੰਘ ਨੂੰ ਨਿਸ਼ਾਨਾ ਬਣਾ ਕੇ ਕੀਤੀਆਂ ਇਤਰਾਜ਼ਯੋਗ ਟਿੱਪਣੀਆਂ ਦੀ ਸਖ਼ਤ ਨਿਖੇਧੀ ਕੀਤੀ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੜਿੰਗ ਦੇ ਬਿਆਨ ਨੂੰ "ਅਤਿ ਨਿੰਦਣਯੋਗ ਅਤੇ ਕਾਂਗਰਸ ਹਾਈ ਕਮਾਂਡ ਵਿੱਚ ਪ੍ਰਚਲਿਤ ਡੂੰਘੀ ਜੜ੍ਹਾਂ ਵਾਲੀ ਦਲਿਤ ਵਿਰੋਧੀ ਮਾਨਸਿਕਤਾ" ਦਾ ਪ੍ਰਤੀਬਿੰਬ ਦੱਸਿਆ। ਉਨ੍ਹਾਂ ਨੇ ਤੁਰੰਤ ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਵਿੱਚੋਂ ਅਜਿਹੇ ਪੱਖਪਾਤੀ ਵਿਅਕਤੀਆਂ ਨੂੰ ਬਾਹਰ ਕੱਢ ਕੇ ਤੇਜ਼ੀ ਨਾਲ ਅਤੇ ਫੈਸਲਾਕੁੰਨ ਕਾਰਵਾਈ ਕਰਨ।
ਇੱਥੇ ਜਾਰੀ ਕੀਤੇ ਇੱਕ ਸਖ਼ਤ ਬਿਆਨ ਵਿੱਚ, ਐਡਵੋਕੇਟ ਚੀਮਾ ਨੇ ਕਿਹਾ ਕਿ ਮਰਹੂਮ ਸਰਦਾਰ ਬੂਟਾ ਸਿੰਘ ਵਰਗੀ ਸ਼ਖਸੀਅਤ, ਜਿਨ੍ਹਾਂ ਨੇ ਆਪਣਾ ਜੀਵਨ ਲੋਕ ਸੇਵਾ ਅਤੇ ਦਲਿਤ ਭਾਈਚਾਰੇ ਦੇ ਉਥਾਨ ਲਈ ਸਮਰਪਿਤ ਕਰ ਦਿੱਤਾ, ਬਾਰੇ ਰਾਜਾ ਵੜਿੰਗ ਦੀਆਂ ਟਿੱਪਣੀਆਂ ਇੱਕ ਨੀਚ ਹਰਕਤ ਹੈ।
ਉਨ੍ਹਾਂਕਿਹਾ, "ਇਹ ਸਿਰਫ਼ ਸਿਆਸੀ ਟਿੱਪਣੀਆਂ ਨਹੀਂ ਹਨ; ਇਹ ਦਲਿਤ ਭਾਈਚਾਰੇ ਦੀ ਸ਼ਾਨ 'ਤੇ ਸਿੱਧਾ ਅਤੇ ਸ਼ਰਮਨਾਕ ਹਮਲਾ ਹਨ।"
ਵਿੱਤ ਮੰਤਰੀ ਨੇ ਕਿਹਾ ਕਿ ਇਹ ਸਪੱਸ਼ਟ ਹੈ ਕਿ ਕਾਂਗਰਸ ਪਾਰਟੀ, ਸਮਾਜਿਕ ਨਿਆਂ ਦੇ ਮਾਮਲੇ ਵਿੱਚ ਜ਼ੁਬਾਨੀ ਹਮਦਰਦੀ ਜਤਾਉਣ ਦੇ ਬਾਵਜੂਦ, ਅਜੇ ਵੀ ਅਜਿਹੇ ਆਗੂਆਂ ਨੂੰ ਪਾਲਦੀ ਹੈ ਜੋ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਹਸਤੀਆਂ ਬਾਰੇ ਬਹੁਤ ਹੀ ਇਤਰਾਜ਼ਯੋਗ ਵਿਚਾਰ ਰੱਖਦੇ ਹਨ। ਉਨ੍ਹਾਂ ਕਿਹਾ ਕਿ ਵੜਿੰਗ ਦੇ ਸ਼ਬਦ ਪੰਜਾਬ ਵਿੱਚ ਕਾਂਗਰਸ ਲੀਡਰਸ਼ਿਪ ਦੇ ਪਾਖੰਡ ਨੂੰ ਬੇਨਕਾਬ ਕਰਦੇ ਹਨ।
ਰਾਹੁਲ ਗਾਂਧੀ ਨੂੰ ਸਿੱਧੇ ਤੌਰ 'ਤੇ ਸੰਬੋਧਨ ਕਰਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ, "ਮੈਂ ਰਾਹੁਲ ਗਾਂਧੀ, ਜੋ ਗਰੀਬਾਂ ਅਤੇ ਹਾਸ਼ੀਏ 'ਤੇ ਪਏ ਲੋਕਾਂ ਦੇ ਹੱਕ ਵਿੱਚ ਖੜ੍ਹਨ ਦਾ ਦਾਅਵਾ ਕਰਦੇ ਹਨ, ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਆਪਣੀ ਇਮਾਨਦਾਰੀ ਸਾਬਤ ਕਰਨ। ਜੇ ਉਹ ਸੱਚਮੁੱਚ ਦਲਿਤ ਭਾਈਚਾਰੇ ਅਤੇ ਸੰਵਿਧਾਨ ਦਾ ਸਤਿਕਾਰ ਕਰਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਅਜਿਹੇ ਦਲਿਤ ਵਿਰੋਧੀ ਅਨਸਰਾਂ ਨੂੰ ਕਾਂਗਰਸ ਪਾਰਟੀ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। ਇਸ ਤੋਂ ਘੱਟ ਕੁਝ ਵੀ ਇਹ ਸਾਬਤ ਕਰੇਗਾ ਕਿ ਇਹ ਪੱਖਪਾਤ ਸਭ ਤੋਂ ਉੱਪਰਲੇ ਪੱਧਰ ਤੋਂ ਮਨਜ਼ੂਰਸ਼ੁਦਾ ਹੈ।"
ਵਿੱਤ ਮੰਤਰੀ ਨੇ ਅੱਗੇ ਕਿਹਾ ਕਿ 'ਆਪ' ਹਰ ਭਾਈਚਾਰੇ ਦੇ ਮਾਣ ਅਤੇ ਅਧਿਕਾਰਾਂ ਦੀ ਰਾਖੀ ਲਈ ਵਚਨਬੱਧ ਹੈ, ਜਦੋਂ ਕਿ ਇਸ ਤੋਂ ਉਲਟ ਕਾਂਗਰਸ ਪਾਰਟੀ ਨੇ ਹਮੇਸ਼ਾਂ ਦਲਿਤ ਆਗੂਆਂ ਨੂੰ ਪਾਸੇ ਕਰਨ ਅਤੇ ਬੇਇੱਜ਼ਤ ਕਰਨ ਦਾ ਕੰਮ ਕੀਤਾ।
Get all latest content delivered to your email a few times a month.