ਤਾਜਾ ਖਬਰਾਂ
ਪੰਥਕ ਹਲਕਿਆਂ ਵਿੱਚ ਵੱਡੇ ਦੁੱਖ ਨਾਲ ਇਹ ਖ਼ਬਰ ਸੁਣੀ ਜਾ ਰਹੀ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੱਡੇ ਭਰਾ ਕੈਪਟਨ ਹਰਚਰਨ ਸਿੰਘ ਰੋਡੇ ਦਾ ਕੱਲ੍ਹ ਸਵੇਰੇ 1 ਨਵੰਬਰ ਨੂੰ 6 ਵਜੇ ਦੇ ਕਰੀਬ ਦੇਹਾਂਤ ਹੋ ਗਿਆ। ਅੱਜ ਸਵੇਰੇ 11 ਵਜੇ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਰੋਡੇ ਵਿਖੇ ਕੀਤਾ ਗਿਆ।ਇਸ ਮੌਕੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ ਸਮੇਤ ਕਈ ਧਾਰਮਿਕ ਤੇ ਸਿਆਸੀ ਸ਼ਖਸੀਅਤਾਂ ਨੇ ਪਹੁੰਚ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।ਕੈਪਟਨ ਰੋਡੇ ਦਾ ਜਨਮ 1936 ਵਿੱਚ ਹੋਇਆ ਸੀ ਤੇ ਉਹ ਕਰੀਬ 90 ਸਾਲ ਦੀ ਉਮਰ ਜੀ ਕੇ ਗਏ ਹਨ। ਉਹ 20 ਸਾਲ ਦੀ ਉਮਰ ਵਿੱਚ ਫੌਜ ਵਿੱਚ ਭਰਤੀ ਹੋਏ ਸਨ ਤੇ 28 ਸਾਲ ਦੀ ਸਰਵਿਸ ਕਰਨ ਤੋਂ ਬਾਅਦ ਰਿਟਾਇਰ ਹੋਏ।ਬਾਬਾ ਜੋਗਿੰਦਰ ਸਿੰਘ ਜੀ ਦੇ 7 ਬੱਚਿਆਂ ਵਿੱਚੋਂ ਉਹ ਤੀਜੇ ਸਥਾਨ ਉੱਤੇ ਸਨ ਅਤੇ ਸਾਰੇ ਭੈਣ-ਭਰਾਵਾਂ ਵਿੱਚੋਂ ਸਭ ਤੋਂ ਲੰਬੀ ਉਮਰ ਜੀਣ ਵਾਲੇ ਆਖਰੀ ਮੈਂਬਰ ਸਨ।1985 ਤੋਂ ਬਾਅਦ ਉਹਨਾਂ ਨੇ ਆਪਣੇ ਪਿਤਾ ਬਾਬਾ ਜੋਗਿੰਦਰ ਸਿੰਘ ਜੀ ਨਾਲ ਮਿਲ ਕੇ ਪੰਥਕ ਰਾਜਨੀਤੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸੰਯੁਕਤ ਅਕਾਲੀ ਦਲ ਦੀ ਸਥਾਪਨਾ ਵਿੱਚ ਵੀ ਉਹਨਾਂ ਦਾ ਵੱਡਾ ਯੋਗਦਾਨ ਰਿਹਾ ਸੀ। ਇਸ ਧੜੇ ਨੇ 1989 ਦੀਆਂ ਲੋਕ ਸਭਾ ਚੋਣਾਂ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਸੀ।
ਆਪਣੀਆਂ ਪੰਥਕ ਸਰਗਰਮੀਆਂ ਕਾਰਨ ਉਹਨਾਂ ਨੂੰ ਕੁਝ ਸਮਾਂ ਪਟਿਆਲਾ ਜੇਲ ਵਿੱਚ ਨਜ਼ਰਬੰਦ ਵੀ ਰਹਿਣਾ ਪਿਆ। ਖਾੜਕੂਵਾਦ ਦੇ ਦੌਰ ਦੌਰਾਨ ਪੁਲਸ ਦੇ ਜ਼ੁਲਮਾਂ ਖ਼ਿਲਾਫ਼ ਪੀੜਤ ਪਰਿਵਾਰਾਂ ਦੀ ਪੈਰਵੀ ਕਰਨ ਵਿੱਚ ਉਹ ਹਮੇਸ਼ਾ ਅੱਗੇ ਰਹੇ।ਕੈਪਟਨ ਰੋਡੇ ਨੇ ਆਪਣੀ ਫੌਜੀ ਤੇ ਰਾਜਨੀਤਿਕ ਜ਼ਿੰਦਗੀ ਵਿੱਚ ਸਿਧਾਂਤਾਂ ਤੇ ਅਸੂਲਾਂ ਨੂੰ ਸਭ ਤੋਂ ਉੱਪਰ ਰੱਖਿਆ। ਲੰਬੇ ਸਮੇਂ ਤੋਂ ਭਾਵੇਂ ਉਹ ਸਿਆਸਤ ਤੋਂ ਦੂਰ ਰਹਿੰਦੇ ਸਨ, ਪਰ ਪੰਥ ਦੀ ਮੌਜੂਦਾ ਹਾਲਤ ਨੂੰ ਲੈ ਕੇ ਉਹ ਅੰਤ ਤੱਕ ਚਿੰਤਤ ਰਹੇ। ਉਹ ਇੱਕ ਸ਼ਾਨਦਾਰ ਤੇ ਭਰਪੂਰ ਜ਼ਿੰਦਗੀ ਜੀ ਕੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ।
Get all latest content delivered to your email a few times a month.