ਤਾਜਾ ਖਬਰਾਂ
ਜਗਰਾਓਂ ਵਿੱਚ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਦੋ ਮੁਲਜ਼ਮਾਂ ਹਨੀ ਰੂਮੀ ਅਤੇ ਗਗਨ ਕਿਲੀ ਚਾਹਲਾਂ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਹਨੀ ਰੂਮੀ ਦਾ ਭਰਾ ਕਾਲਾ ਰੂਮੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ।
ਐਸਐਸਪੀ ਜਗਰਾਓਂ ਅੰਕੁਰ ਗੁਪਤਾ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ ਪੁਲਿਸ ਨੇ ਇੱਕ 30 ਬੋਰ ਦਾ ਪਿਸਟਲ ਬਰਾਮਦ ਕੀਤਾ ਹੈ, ਜੋ ਇਹ ਨਜਾਇਜ਼ ਤਰੀਕੇ ਨਾਲ ਕੋਟਾ (ਰਾਜਸਥਾਨ) ਤੋਂ ਲੈ ਕੇ ਆਏ ਸਨ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਤੇਜਪਾਲ ਸਿੰਘ ਦੀ ਆਪਣੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ। ਹਾਲਾਂਕਿ ਉਸਦੇ ਦੋਸਤਾਂ ਦੀ ਪੁਰਾਣੀ ਵੈਰ-ਵਿਰੋਧੀ ਹਨੀ ਰੂਮੀ ਤੇ ਕਾਲਾ ਰੂਮੀ ਨਾਲ ਚੱਲ ਰਹੀ ਸੀ। ਇਸ ਰੰਜਿਸ਼ ਦੇ ਕਾਰਨ ਹੀ ਤੇਜਪਾਲ ਨੂੰ ਯਾਰੀ ਨਿਭਾਉਣ ਦੇ ਨਾਤੇ ਮਾਰ ਦਿੱਤਾ ਗਿਆ।
ਐਸਐਸਪੀ ਨੇ ਇਹ ਵੀ ਕਿਹਾ ਕਿ ਮ੍ਰਿਤਕ ਦਾ ਪਰਿਵਾਰ ਪੁਲਿਸ ਦੀ ਕਾਰਵਾਈ ਤੋਂ ਖੁਸ਼ ਹੈ ਅਤੇ ਹੁਣ ਉਹ ਆਪ ਨਿਰਣੈ ਲਵੇਗਾ ਕਿ ਤੇਜਪਾਲ ਦਾ ਅੰਤਿਮ ਸੰਸਕਾਰ ਕਦੋਂ ਕਰਨਾ ਹੈ।
ਯਾਦ ਰਹੇ ਕਿ ਬੀਤੇ ਦਿਨੀ ਜਗਰਾਓਂ ਦੇ ਅਧੀਨ ਪਿੰਡ ਗਿੱਦੜਵਿੰਡੀ ਵਿਖੇ 27 ਸਾਲਾ ਕਬੱਡੀ ਖਿਡਾਰੀ ਤੇਜਪਾਲ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਹਮਲਾਵਰ ਗੱਡੀ ’ਚ ਸਵਾਰ ਹੋ ਕੇ ਆਏ ਸਨ ਤੇ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੇਜਪਾਲ ਡਾ. ਹਰੀ ਸਿੰਘ ਰੋਡ ’ਤੇ ਖਲ ਲੈਣ ਗਿਆ ਹੋਇਆ ਸੀ।
ਪੁਲਿਸ ਨੇ ਦਾਅਵਾ ਕੀਤਾ ਹੈ ਕਿ ਤੀਜੇ ਮੁਲਜ਼ਮ ਕਾਲਾ ਰੂਮੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦੀ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।
Get all latest content delivered to your email a few times a month.