ਤਾਜਾ ਖਬਰਾਂ
ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਵਿੱਚ ਸਥਿਤ ਨੈਕਸਸ ਏਲਾਂਟੇ ਮਾਲ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤ ਰੁਖ ਅਖਤਿਆਰ ਕਰ ਲਿਆ ਹੈ। ਮਾਲ ਪ੍ਰਬੰਧਨ ਵੱਲੋਂ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਦੇ ਮਾਮਲੇ 'ਚ ਐਤਵਾਰ ਸਵੇਰੇ ਢਾਹੁਣ ਦੀ ਕਾਰਵਾਈ ਕੀਤੀ ਗਈ। ਇਸ ਦੌਰਾਨ ਪੁਲਿਸ ਫੋਰਸ ਅਤੇ ਅਧਿਕਾਰੀ ਮੌਕੇ 'ਤੇ ਮੌਜੂਦ ਰਹੇ।
ਇਹ ਕਾਰਵਾਈ ਉਸ ਵੇਲੇ ਕੀਤੀ ਗਈ ਜਦੋਂ ਪ੍ਰਸ਼ਾਸਨ ਦੀ ਜਾਂਚ ਦੌਰਾਨ 35,000 ਵਰਗ ਫੁੱਟ ਤੋਂ ਵੱਧ ਖੇਤਰ ਵਿੱਚ ਗੰਭੀਰ ਤੌਰ 'ਤੇ ਇਮਾਰਤੀ ਉਲੰਘਣਾਵਾਂ ਸਾਹਮਣੇ ਆਈਆਂ। ਐਸਡੀਐਮ (ਈਸਟ)-ਕਮ-ਅਸਿਸਟੈਂਟ ਅਸਟੇਟ ਅਫਸਰ ਖੁਸ਼ਪ੍ਰੀਤ ਕੌਰ ਵੱਲੋਂ ਮੈਸਰਜ਼ ਸੀਐਸਜੇ ਇਨਫਰਾਸਟ੍ਰਕਚਰ ਪ੍ਰਾਈਵੇਟ ਲਿਮਿਟਡ - ਜੋ ਕਿ ਏਲਾਂਟੇ ਮਾਲ ਦਾ ਪ੍ਰਬੰਧ ਚਲਾਉਂਦਾ ਹੈ - ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।
ਅਸਟੇਟ ਦਫ਼ਤਰ ਦੀ ਰਿਪੋਰਟ ਅਨੁਸਾਰ, ਮਾਲ ਪ੍ਰਬੰਧਕਾਂ ਨੇ ਪਾਰਕਿੰਗ ਲਈ ਰਾਖਵੀਂ ਲਗਭਗ 22,000 ਵਰਗ ਫੁੱਟ ਜਗ੍ਹਾ ਨੂੰ ਗੈਰਕਾਨੂੰਨੀ ਤੌਰ 'ਤੇ ਲੈਂਡਸਕੇਪਿੰਗ ਅਤੇ ਹਰਿਆਲੀ ਵਿੱਚ ਬਦਲ ਦਿੱਤਾ, ਜਿਸ ਕਾਰਨ ਗਾਹਕਾਂ ਦੀ ਪਾਰਕਿੰਗ ਸੁਵਿਧਾ ਪ੍ਰਭਾਵਿਤ ਹੋ ਰਹੀ ਸੀ।
ਮਾਲ ਦਾ ਨਿਰੀਖਣ 8 ਅਗਸਤ ਨੂੰ ਕੀਤਾ ਗਿਆ ਸੀ ਅਤੇ ਦੋ ਮਹੀਨੇ ਦੀ ਮਿਆਦ ਦੇ ਬਾਵਜੂਦ ਪ੍ਰਬੰਧਨ ਵੱਲੋਂ ਕੋਈ ਸੁਧਾਰ ਨਹੀਂ ਕੀਤਾ ਗਿਆ। ਇਸ ਦੇ ਬਾਅਦ ਪ੍ਰਸ਼ਾਸਨ ਨੇ ਨਿਯਮਾਂ ਅਨੁਸਾਰ ਕਾਰਵਾਈ ਸ਼ੁਰੂ ਕੀਤੀ। ਹੁਣ ਮਾਲ ਪ੍ਰਬੰਧਨ ਨੂੰ ਪ੍ਰਤੀ ਵਰਗ ਫੁੱਟ ਪ੍ਰਤੀ ਦਿਨ ₹8 ਜੁਰਮਾਨਾ ਭਰਨਾ ਪਵੇਗਾ।
ਇਹ ਕਾਰਵਾਈ ਚੰਡੀਗੜ੍ਹ ਅਸਟੇਟ ਨਿਯਮ 2007 ਅਤੇ ਪੰਜਾਬ ਦੀ ਰਾਜਧਾਨੀ (ਵਿਕਾਸ ਅਤੇ ਨਿਯਮ) ਐਕਟ 1952 ਦੇ ਤਹਿਤ ਕੀਤੀ ਗਈ ਹੈ। ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਭਵਿੱਖ ਵਿੱਚ ਵੀ ਇਮਾਰਤੀ ਨਿਯਮਾਂ ਦੀ ਉਲੰਘਣਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Get all latest content delivered to your email a few times a month.