ਤਾਜਾ ਖਬਰਾਂ
ਪੰਜਾਬ ਪੁਲਿਸ ਦੇ ਸਸਪੈਂਡ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਆਮਦਨ ਤੋਂ ਵੱਧ ਜਾਇਦਾਦ ਅਤੇ ਰਿਸ਼ਵਤਖੋਰੀ ਦੇ ਗੰਭੀਰ ਦੋਸ਼ਾਂ ਦੀ ਜਾਂਚ ਹੁਣ ਹੋਰ ਗਹਿਰਾਈ ਨਾਲ ਚੱਲ ਰਹੀ ਹੈ। ਸ਼ਨੀਵਾਰ ਨੂੰ ਉਨ੍ਹਾਂ ਨੂੰ ਚੰਡੀਗੜ੍ਹ ਦੀ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ CBI ਨੇ ਦਲੀਲ ਦਿੱਤੀ ਕਿ ਭੁੱਲਰ ਦੀ ਜਾਇਦਾਦ ਅਤੇ ਬੈਂਕ ਲੈਣ-ਦੇਣ ਬਾਰੇ ਹੋਰ ਸਬੂਤ ਇਕੱਠੇ ਕਰਨੇ ਬਾਕੀ ਹਨ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ਨੂੰ ਪੰਜ ਦਿਨਾਂ ਦੇ CBI ਰਿਮਾਂਡ 'ਤੇ ਭੇਜਣ ਦੇ ਹੁਕਮ ਦਿੱਤੇ। ਭੁੱਲਰ ਦੇ ਵਕੀਲ ਐਚ.ਐਸ. ਧਨੋਆ ਅਤੇ ਆਰ.ਪੀ.ਐਸ. ਬਾਰਾ ਨੇ ਰਿਮਾਂਡ ਦਾ ਸਖ਼ਤ ਵਿਰੋਧ ਕੀਤਾ, ਪਰ ਅਦਾਲਤ ਨੇ CBI ਦੇ ਤਰਕਾਂ ਨਾਲ ਸਹਿਮਤ ਹੁੰਦੇ ਹੋਏ ਰਿਮਾਂਡ ਮਨਜ਼ੂਰ ਕੀਤਾ।
ਇਸ ਮਾਮਲੇ ਦੇ ਨਾਲ-ਨਾਲ ਹੁਣ ਪੰਜਾਬ ਵਿਜੀਲੈਂਸ ਬਿਊਰੋ (VB) ਨੇ ਵੀ ਭੁੱਲਰ ਖ਼ਿਲਾਫ਼ ਇੱਕ ਹੋਰ ਕੇਸ ਵਿੱਚ ਪ੍ਰੋਡਕਸ਼ਨ ਵਾਰੰਟ ਲੈਣ ਲਈ ਮੋਹਾਲੀ ਕੋਰਟ ਵਿੱਚ ਅਰਜ਼ੀ ਦਿੱਤੀ ਹੈ। ਵਿਜੀਲੈਂਸ ਨੇ ਕਿਹਾ ਕਿ ਉਹ ਆਮਦਨ ਤੋਂ ਵੱਧ ਜਾਇਦਾਦ ਵਾਲੇ ਕੇਸ ਵਿੱਚ ਵੀ ਉਨ੍ਹਾਂ ਤੋਂ ਪੁੱਛਗਿੱਛ ਕਰਨਾ ਚਾਹੁੰਦੇ ਹਨ। ਹਾਲਾਂਕਿ, CBI ਨੇ ਇਸ ਅਰਜ਼ੀ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਵਿਜੀਲੈਂਸ ਜੇਲ੍ਹ ਵਿੱਚ ਜਾ ਕੇ ਵੀ ਪੁੱਛਗਿੱਛ ਕਰ ਸਕਦੀ ਹੈ, ਇਸ ਲਈ ਵੱਖਰਾ ਰਿਮਾਂਡ ਲੈਣ ਦੀ ਲੋੜ ਨਹੀਂ। ਇਸ ਅਰਜ਼ੀ 'ਤੇ ਹੁਣ ਸੋਮਵਾਰ, 3 ਨਵੰਬਰ ਨੂੰ ਸੁਣਵਾਈ ਹੋਵੇਗੀ।
ਅਦਾਲਤ 'ਚ ਪੇਸ਼ੀ ਦੌਰਾਨ ਇੱਕ ਭਾਵੁਕ ਪਲ ਵੀ ਸਾਹਮਣੇ ਆਇਆ ਜਦੋਂ ਸਾਬਕਾ DIG ਭੁੱਲਰ ਨੇ ਆਪਣੀ ਧੀ ਨੂੰ ਗਲੇ ਲਗਾਇਆ। ਕੋਰਟ ਤੋਂ ਬਾਹਰ ਨਿਕਲਦਿਆਂ ਦੋਵੇਂ ਕੁਝ ਸਮੇਂ ਲਈ ਮਿਲੇ ਅਤੇ ਗੱਲਬਾਤ ਕੀਤੀ। ਇਸ ਤੋਂ ਬਾਅਦ ਭੁੱਲਰ ਨੂੰ ਬਖ਼ਸ਼ੀਖਾਨੇ ਵਿੱਚ ਲਿਜਾਇਆ ਗਿਆ। ਉਨ੍ਹਾਂ ਦੇ ਚਿਹਰੇ 'ਤੇ ਚਿੰਤਾ ਤੇ ਥਕਾਵਟ ਸਾਫ਼ ਦਿਖ ਰਹੀ ਸੀ, ਪਰ ਧੀ ਨਾਲ ਮਿਲਣ ਦੌਰਾਨ ਉਹ ਪਲ ਭਾਵੁਕ ਹੋ ਗਿਆ।
CBI ਨੇ 29 ਅਕਤੂਬਰ ਨੂੰ ਭੁੱਲਰ ਖ਼ਿਲਾਫ਼ Disproportionate Assets ਦਾ ਕੇਸ ਦਰਜ ਕੀਤਾ ਸੀ, ਜਿਸ ਵਿੱਚ ਇੰਸਪੈਕਟਰ ਸੋਨਲ ਮਿਸ਼ਰਾ ਦੀ ਸ਼ਿਕਾਇਤ 'ਤੇ ਹੈਰਾਨ ਕਰਨ ਵਾਲੇ ਖੁਲਾਸੇ ਹੋਏ। ਜਾਂਚ ਦੌਰਾਨ ਪਤਾ ਲੱਗਾ ਕਿ 15 ਅਕਤੂਬਰ ਨੂੰ ਮੰਡੀ ਗੋਬਿੰਦਗੜ੍ਹ ਦੇ ਕਾਰੋਬਾਰੀ ਆਕਾਸ਼ ਬੱਤਾ ਦੀ ਸ਼ਿਕਾਇਤ 'ਤੇ ਭੁੱਲਰ ਦੇ ਵਿਚੋਲੇ ਕ੍ਰਿਸ਼ਨੂੰ ਨੂੰ ₹5 ਲੱਖ ਦੀ ਰਿਸ਼ਵਤ ਲੈਂਦਿਆਂ CBI ਨੇ ਰੰਗੇ ਹੱਥੀਂ ਫੜਿਆ ਸੀ। ਇਸ ਟਰੈਪ ਕਾਰਵਾਈ ਤੋਂ ਬਾਅਦ CBI ਨੇ ਉਨ੍ਹਾਂ ਦੇ ਘਰ ਅਤੇ ਹੋਰ ਥਾਵਾਂ 'ਤੇ ਤਲਾਸ਼ੀਆਂ ਸ਼ੁਰੂ ਕੀਤੀਆਂ।
ਤਲਾਸ਼ੀ ਦੌਰਾਨ 16 ਅਤੇ 17 ਅਕਤੂਬਰ ਨੂੰ ਚੰਡੀਗੜ੍ਹ ਦੇ ਸੈਕਟਰ 40-ਬੀ ਸਥਿਤ ਘਰ ਤੋਂ ₹7 ਕਰੋੜ 36 ਲੱਖ 90 ਹਜ਼ਾਰ ਨਕਦ, ₹2.32 ਕਰੋੜ ਦੇ ਸੋਨੇ-ਚਾਂਦੀ ਦੇ ਗਹਿਣੇ, 26 ਲਗਜ਼ਰੀ ਘੜੀਆਂ, ਅਤੇ ਪੰਜ ਉੱਚ ਦਰਜੇ ਦੀਆਂ ਕਾਰਾਂ (Mercedes, Audi, Innova, Fortuner ਆਦਿ) ਬਰਾਮਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਮੋਹਾਲੀ, ਲੁਧਿਆਣਾ ਤੇ ਹੁਸ਼ਿਆਰਪੁਰ ਵਿੱਚ ਲਗਭਗ 150 ਏਕੜ ਜ਼ਮੀਨ ਦੇ ਦਸਤਾਵੇਜ਼ ਵੀ ਮਿਲੇ ਜੋ ਭੁੱਲਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਹਨ।
CBI ਦੇ ਅਨੁਸਾਰ, ਭੁੱਲਰ ਦੀ ਸਾਲ 2024-25 ਦੀ ਆਮਦਨ ਟੈਕਸ ਰਿਟਰਨ (ITR) ਅਨੁਸਾਰ ਕੁੱਲ ਐਲਾਨੀ ਆਮਦਨ ਕੇਵਲ ₹45.95 ਲੱਖ ਸੀ, ਜਦਕਿ ਉਨ੍ਹਾਂ ਦੇ ਤਨਖਾਹ ਖਾਤੇ ਵਿੱਚ ਕੇਵਲ ₹4.74 ਲੱਖ ਦੀ ਤਨਖਾਹ ਦਰਜ ਸੀ। ਇਨ੍ਹਾਂ ਅੰਕੜਿਆਂ ਦੇ ਮੁਕਾਬਲੇ ਉਨ੍ਹਾਂ ਦੇ ਕੋਲੋਂ ਬਰਾਮਦ ਕੀਤੀ ਸੰਪਤੀ ਕਈ ਗੁਣਾ ਵੱਧ ਹੈ, ਜਿਸਦਾ ਉਹ ਕੋਈ ਸੰਤੁਸ਼ਟੀਬਖ਼ਸ਼ ਜਵਾਬ ਨਹੀਂ ਦੇ ਸਕੇ। ਇਸ ਸਾਰੇ ਮਾਮਲੇ ਨੇ ਨਾ ਸਿਰਫ਼ ਪੰਜਾਬ ਪੁਲਿਸ ਬਲਕਿ ਰਾਜਨੀਤਿਕ ਤੇ ਪ੍ਰਸ਼ਾਸਕੀ ਸਰਗਰਮੀਆਂ ਵਿੱਚ ਵੀ ਹੜਕੰਪ ਮਚਾ ਦਿੱਤਾ ਹੈ।
Get all latest content delivered to your email a few times a month.