ਤਾਜਾ ਖਬਰਾਂ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੇ ਪਵਿੱਤਰ ਅਵਸਰ ‘ਤੇ “ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ” ਦਾ ਆਯੋਜਨ ਕੀਤਾ ਗਿਆ ਹੈ।
ਇਹ ਵਿਸ਼ੇਸ਼ ਪ੍ਰਦਰਸ਼ਨੀ ਗੁਰਦੁਆਰਾ ਬੰਗਲਾ ਸਾਹਿਬ ਦੇ ਸਰੋਵਰ ਕੰਢੇ ਅੱਜ ਅਰਦਾਸ ਨਾਲ ਸ਼ੁਰੂ ਕੀਤੀ ਗਈ। DSGMC ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਪ੍ਰਦਰਸ਼ਨੀ 1 ਨਵੰਬਰ ਤੋਂ 10 ਨਵੰਬਰ 2025 ਤੱਕ ਹਰ ਰੋਜ਼ ਸਵੇਰੇ 9 ਵਜੇ ਤੋਂ ਰਾਤ 9 ਵਜੇ ਤੱਕ ਸੰਗਤਾਂ ਲਈ ਖੁੱਲ੍ਹੀ ਰਹੇਗੀ।
ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਪੂਰੀ ਮਨੁੱਖਤਾ ਲਈ ਪ੍ਰੇਰਣਾ ਦਾ ਅਮੋਲ ਸਰੋਤ ਹੈ ਅਤੇ ਇਹ ਪ੍ਰਦਰਸ਼ਨੀ ਸਿੱਖ ਧਰਮ, ਇਤਿਹਾਸ ਤੇ ਸਾਹਿਤ ਨੂੰ ਸਮਝਣ ਦਾ ਸੁਨਹਿਰਾ ਮੌਕਾ ਪ੍ਰਦਾਨ ਕਰੇਗੀ। ਪ੍ਰਦਰਸ਼ਨੀ ਵਿੱਚ ਸਿੱਖ ਇਤਿਹਾਸ ਨਾਲ ਜੁੜੇ ਚਿੱਤਰ, ਗੁਰਮਤਿ ਸਾਹਿਤ ਅਤੇ ਧਾਰਮਿਕ ਪੁਸਤਕਾਂ ਦਾ ਵਿਸਤ੍ਰਿਤ ਸੰਗ੍ਰਹਿ ਦਰਸਾਇਆ ਗਿਆ ਹੈ।
ਕਾਲਕਾ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਰਿਵਾਰਾਂ ਸਮੇਤ ਵੱਡੀ ਗਿਣਤੀ ਵਿੱਚ ਆ ਕੇ ਇਸ ਆਤਮਕ ਪ੍ਰੋਗਰਾਮ ਦਾ ਹਿੱਸਾ ਬਣਨ ਅਤੇ ਸਿੱਖ ਲੇਖਕਾਂ, ਪ੍ਰਕਾਸ਼ਕਾਂ ਤੇ ਸੇਵਾਦਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ।
ਉਹਨਾਂ ਨੇ ਕਿਹਾ ਕਿ ਇਸ ਪ੍ਰਦਰਸ਼ਨੀ ਦਾ ਮੁੱਖ ਮੰਤਵ ਸਿਰਫ਼ ਧਾਰਮਿਕ ਗਿਆਨ ਦਾ ਪ੍ਰਚਾਰ ਕਰਨਾ ਨਹੀਂ, ਸਗੋਂ ਨੌਜਵਾਨ ਪੀੜ੍ਹੀ ਵਿੱਚ ਗੁਰਮਤਿ ਦੀ ਸੋਚ ਤੇ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ਾਂ ਪ੍ਰਤੀ ਰੁਝਾਨ ਪੈਦਾ ਕਰਨਾ ਵੀ ਹੈ, ਤਾਂ ਜੋ ਉਹ ਗੁਰੂ ਦੇ ਦਰਸਾਏ ਸੱਚ, ਸੇਵਾ ਤੇ ਨਾਮ ਦੇ ਰਾਹ ‘ਤੇ ਤੁਰ ਸਕਣ।
Get all latest content delivered to your email a few times a month.