ਤਾਜਾ ਖਬਰਾਂ
ਦੇਸ਼ ਦੀ ਰਾਜਧਾਨੀ ਦਿੱਲੀ ਇਸ ਸਮੇਂ ਇੱਕ ਵੱਡੇ ਜਨਤਕ ਸਿਹਤ ਸੰਕਟ ਦਾ ਸਾਹਮਣਾ ਕਰ ਰਹੀ ਹੈ, ਜਿਸਦਾ ਮੁੱਖ ਕਾਰਨ ਸ਼ਹਿਰ ਦੀ ਜ਼ਹਿਰੀਲੀ ਹਵਾ ਹੈ। ਇੰਸਟੀਚਿਊਟ ਫਾਰ ਹੈਲਥ ਮੈਟ੍ਰਿਕਸ ਐਂਡ ਇਵੈਲੂਏਸ਼ਨ (IHME) ਦੀ ਇੱਕ ਤਾਜ਼ਾ ਰਿਪੋਰਟ ਨੇ ਬੇਹੱਦ ਚਿੰਤਾਜਨਕ ਅੰਕੜੇ ਪੇਸ਼ ਕੀਤੇ ਹਨ। ਰਿਪੋਰਟ ਮੁਤਾਬਕ, ਸਾਲ 2023 ਵਿੱਚ ਦਿੱਲੀ ਵਿੱਚ ਹੋਈਆਂ ਕੁੱਲ ਮੌਤਾਂ ਵਿੱਚੋਂ 17,188 ਮੌਤਾਂ ਸਿੱਧੇ ਤੌਰ 'ਤੇ ਹਵਾ ਪ੍ਰਦੂਸ਼ਣ ਕਾਰਨ ਹੋਈਆਂ, ਭਾਵ ਪ੍ਰਦੂਸ਼ਣ ਹਰ ਸੱਤ ਮੌਤਾਂ ਵਿੱਚੋਂ ਇੱਕ ਦਾ ਕਾਰਨ ਬਣਿਆ।
ਸੈਂਟਰ ਫਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (CREA) ਦੇ ਵਿਸ਼ਲੇਸ਼ਣ ਅਨੁਸਾਰ, ਰਾਜਧਾਨੀ ਵਿੱਚ ਹੋਣ ਵਾਲੀਆਂ ਲਗਭਗ 15% ਮੌਤਾਂ ਲਈ ਪ੍ਰਦੂਸ਼ਣ ਜ਼ਿੰਮੇਵਾਰ ਹੈ।
ਸਿਹਤ ਲਈ ਸਭ ਤੋਂ ਵੱਡਾ ਖ਼ਤਰਾ
ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਹਵਾ ਵਿੱਚ ਮੌਜੂਦ ਬਰੀਕ ਕਣ (Particulate Matter), ਖਾਸ ਕਰਕੇ PM2.5, ਅਜੇ ਵੀ ਦਿੱਲੀ ਵਿੱਚ ਮੌਤਾਂ ਦਾ ਮੁੱਖ ਕਾਰਨ ਹਨ। ਸਭ ਤੋਂ ਚਿੰਤਾਜਨਕ ਖੁਲਾਸਾ ਇਹ ਹੈ ਕਿ ਪ੍ਰਦੂਸ਼ਿਤ ਹਵਾ ਹੁਣ ਹਾਈ ਬਲੱਡ ਪ੍ਰੈਸ਼ਰ, ਸ਼ੂਗਰ (High Blood Sugar) ਅਤੇ ਉੱਚ ਕੋਲੈਸਟ੍ਰੋਲ ਵਰਗੇ ਆਮ ਸਿਹਤ ਖ਼ਤਰਿਆਂ ਨਾਲੋਂ ਵੀ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੀ ਹੈ।
ਮੌਤ ਦੇ ਹੋਰ ਮੁੱਖ ਕਾਰਨ ਇਸ ਤਰ੍ਹਾਂ ਹਨ: ਹਾਈ ਬਲੱਡ ਪ੍ਰੈਸ਼ਰ (14,874 ਮੌਤਾਂ), ਹਾਈ ਬਲੱਡ ਸ਼ੂਗਰ (10,653 ਮੌਤਾਂ), ਉੱਚ ਕੋਲੈਸਟ੍ਰੋਲ (7,267 ਮੌਤਾਂ), ਅਤੇ ਮੋਟਾਪਾ (6,698 ਮੌਤਾਂ)।
ਬੱਚਿਆਂ ਅਤੇ ਨੀਤੀਆਂ 'ਤੇ ਅਸਰ
ਮਾਹਿਰਾਂ ਦਾ ਕਹਿਣਾ ਹੈ ਕਿ ਦਿੱਲੀ ਦੀ ਹਵਾ ਦੀ ਜ਼ਹਿਰੀਲੀਤਾ ਸਾਲ-ਦਰ-ਸਾਲ ਵਧਦੀ ਜਾ ਰਹੀ ਹੈ ਅਤੇ ਵਿਸ਼ਵ ਸਿਹਤ ਸੰਗਠਨ (WHO) ਦੇ ਮਿਆਰਾਂ ਤੋਂ ਕਈ ਗੁਣਾ ਵੱਧ ਹੈ। ਲਗਾਤਾਰ ਪ੍ਰਦੂਸ਼ਣ ਕਾਰਨ ਬੱਚਿਆਂ ਵਿੱਚ ਫੇਫੜਿਆਂ ਦੀਆਂ ਬਿਮਾਰੀਆਂ, ਦਿਲ ਦੀ ਬਿਮਾਰੀ, ਸਟ੍ਰੋਕ ਅਤੇ ਦਮੇ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।
CREA ਦੀ ਰਿਪੋਰਟ ਸਪੱਸ਼ਟ ਕਰਦੀ ਹੈ ਕਿ ਪ੍ਰਦੂਸ਼ਣ ਹੁਣ ਕੇਵਲ ਵਾਤਾਵਰਣ ਦਾ ਮੁੱਦਾ ਨਹੀਂ ਰਿਹਾ, ਸਗੋਂ ਇਸ ਨੇ ਇੱਕ ਗੰਭੀਰ ਜਨਤਕ ਸਿਹਤ ਸੰਕਟ ਦਾ ਰੂਪ ਲੈ ਲਿਆ ਹੈ। ਮਾਹਿਰਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਕਾਰਵਾਈ ਨਾ ਕੀਤੀ ਗਈ, ਤਾਂ ਆਉਣ ਵਾਲੇ ਸਾਲਾਂ ਵਿੱਚ ਇਹ ਅੰਕੜੇ ਹੋਰ ਵੀ ਡਰਾਉਣੇ ਹੋ ਸਕਦੇ ਹਨ।
ਸਰਕਾਰ ਨੂੰ ਸਲਾਹ ਦਿੱਤੀ ਗਈ ਹੈ ਕਿ ਵਿਗਿਆਨ 'ਤੇ ਆਧਾਰਿਤ ਮਜ਼ਬੂਤ ਨੀਤੀਆਂ ਬਣਾਉਣ ਦੀ ਲੋੜ ਹੈ, ਜਿਸ ਵਿੱਚ ਉਦਯੋਗਿਕ ਅਤੇ ਵਾਹਨਾਂ ਦੇ ਨਿਕਾਸ 'ਤੇ ਸਖ਼ਤ ਕੰਟਰੋਲ ਕਰਨਾ ਅਤੇ ਸ਼ਹਿਰ ਵਿੱਚ ਗ੍ਰੀਨ ਜ਼ੋਨਾਂ ਦਾ ਵਿਸਥਾਰ ਕਰਨਾ ਸ਼ਾਮਲ ਹੈ।
Get all latest content delivered to your email a few times a month.