ਤਾਜਾ ਖਬਰਾਂ
ਅਮਰੀਕਾ ਵਿੱਚ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ (FDA) ਨੇ ਬੱਚਿਆਂ ਦੇ ਦੰਦਾਂ ਨੂੰ ਮਜ਼ਬੂਤ ਕਰਨ ਲਈ ਦਿੱਤੇ ਜਾਂਦੇ ਫਲੋਰਾਈਡ ਸਪਲੀਮੈਂਟਸ ਦੀ ਵਰਤੋਂ ਨੂੰ ਸੀਮਤ ਕਰਨ ਦਾ ਫੈਸਲਾ ਲਿਆ ਹੈ।
ਇਹ ਫੈਸਲਾ ਸਿਹਤ ਸਕੱਤਰ ਰੌਬਰਟ ਐੱਫ. ਕੈਨੇਡੀ ਜੂਨੀਅਰ ਅਤੇ ਉਹਨਾਂ ਦੇ ਸਹਿਯੋਗੀਆਂ ਦੀ ਤਰਫੋਂ ਚੁੱਕਿਆ ਗਿਆ ਹੈ, ਜੋ ਦੰਦਾਂ ਦੀ ਦੇਖਭਾਲ ਵਿੱਚ ਵਰਤੇ ਜਾਂਦੇ ਇਸ ਪ੍ਰਮੁੱਖ ਰਸਾਇਣ ਦੇ ਖਿਲਾਫ ਇੱਕ ਹੋਰ ਕਾਰਵਾਈ ਹੈ।
FDA ਨੇ ਸ਼ੁੱਕਰਵਾਰ ਨੂੰ ਸਪੱਸ਼ਟ ਕੀਤਾ ਕਿ ਇਹ ਉਤਪਾਦ ਹੁਣ ਤਿੰਨ ਸਾਲ ਤੋਂ ਛੋਟੇ ਬੱਚਿਆਂ ਅਤੇ ਉਹਨਾਂ ਵੱਡੇ ਬੱਚਿਆਂ ਲਈ ਸਿਫਾਰਸ਼ ਨਹੀਂ ਕੀਤੇ ਜਾਣਗੇ, ਜਿਨ੍ਹਾਂ ਨੂੰ ਦੰਦਾਂ ਦੀ ਸੜਨ (ਕੈਵਿਟੀਜ਼) ਦਾ ਕੋਈ ਵੱਡਾ ਖ਼ਤਰਾ ਨਹੀਂ ਹੈ। ਪਹਿਲਾਂ ਇਹ ਦਵਾਈਆਂ ਛੇ ਮਹੀਨੇ ਜਾਂ ਇਸ ਤੋਂ ਵੱਧ ਉਮਰ ਦੇ ਬੱਚਿਆਂ ਨੂੰ ਦਿੱਤੀਆਂ ਜਾ ਸਕਦੀਆਂ ਸਨ।
ਮਈ ਵਿੱਚ, FDA ਨੇ ਇਹਨਾਂ ਉਤਪਾਦਾਂ ਨੂੰ ਬਾਜ਼ਾਰ ਵਿੱਚੋਂ ਹਟਾਉਣ ਦਾ ਸੰਕੇਤ ਦਿੱਤਾ ਸੀ, ਪਰ ਇਸ ਵਾਰ ਏਜੰਸੀ ਨੇ ਚਾਰ ਕੰਪਨੀਆਂ ਨੂੰ ਚੇਤਾਵਨੀ ਪੱਤਰ ਭੇਜੇ ਹਨ। ਇਹਨਾਂ ਪੱਤਰਾਂ ਵਿੱਚ ਕੰਪਨੀਆਂ ਨੂੰ ਨਵੀਆਂ ਨਿਰਧਾਰਿਤ ਸੀਮਾਵਾਂ ਅੰਦਰ ਹੀ ਉਤਪਾਦਾਂ ਦੀ ਮਾਰਕੀਟਿੰਗ ਕਰਨ ਦੀ ਹਦਾਇਤ ਦਿੱਤੀ ਗਈ ਹੈ।
ਜਿਹਨਾਂ ਬੱਚਿਆਂ ਦੇ ਦੰਦਾਂ ਵਿੱਚ ਜ਼ਿਆਦਾ ਸੜਨ ਦਾ ਖ਼ਤਰਾ ਹੁੰਦਾ ਹੈ, ਜਾਂ ਜਿਹੜੇ ਅਜਿਹੇ ਇਲਾਕਿਆਂ ਵਿੱਚ ਰਹਿੰਦੇ ਹਨ ਜਿੱਥੇ ਪੀਣ ਵਾਲੇ ਪਾਣੀ ਵਿੱਚ ਫਲੋਰਾਈਡ ਦੀ ਮਾਤਰਾ ਘੱਟ ਹੈ, ਉਹਨਾਂ ਨੂੰ ਫਲੋਰਾਈਡ ਦੀਆਂ ਗੋਲੀਆਂ ਲੈਣ ਦੀ ਸਲਾਹ ਕਦੇ-ਕਦੇ ਦਿੱਤੀ ਜਾਂਦੀ ਰਹੀ ਹੈ।
FDA ਨੇ ਆਪਣੀ ਤਾਜ਼ਾ ਵਿਗਿਆਨਕ ਰਿਪੋਰਟ ਵਿੱਚ ਕਿਹਾ ਹੈ ਕਿ ਫਲੋਰਾਈਡ ਸਪਲੀਮੈਂਟਸ ਨਾਲ ਬੱਚਿਆਂ ਦੇ ਦੰਦਾਂ ਨੂੰ ਬਹੁਤ ਘੱਟ ਲਾਭ ਹੁੰਦਾ ਹੈ, ਪਰ ਇਹ ਅੰਤੜੀਆਂ ਦੀਆਂ ਸਮੱਸਿਆਵਾਂ, ਭਾਰ ਵਧਣ ਅਤੇ ਗਿਆਨਾਤਮਕ (cognition) ਸਮਰੱਥਾਵਾਂ ਨਾਲ ਸਬੰਧਤ ਨਵੀਆਂ ਸਿਹਤ ਚਿੰਤਾਵਾਂ ਪੈਦਾ ਕਰ ਸਕਦੇ ਹਨ।
Get all latest content delivered to your email a few times a month.